Sufi Star





ਪੰਜਾਬੀ ਜਿੱਥੇ ਵੀ ਗਏ ਹਨ ਉਹਨਾਂ੍ਹ ਆਪਣੀਂ ਮਿਹਨਤ 'ਤੇ ਲਗਨ ਸਦਕਾ ਆਪਣੀਂ ਵਿਸ਼ੇਸ਼ ਪਹਿਚਾਂਣ ਤਾਂ ਬਣਾਈ ਹੀ ਹੈ ਨਾਲ ਹੀ ਆਪਣੀਂ ਮਾਂ ਬੋਲੀ ਪੰਜਾਬੀ ਅਤੇ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਜੋ ਯਤਨ ਆਰੰਭੇ ਹਨ ਉਹ ਵੀ ਕਾਬਿਲੇ ਤਰੀਫ ਹਨ।ਆਸਟ੍ਰੇਲੀਆ ਦੇ ਮਹਾਨਗਰ ਸਿਡਨੀਂ ਵਿੱਚ ਵੀ ਪੰਜਾਬੀ ਭਾਈਚਾਰੇ ਵਲੋਂ ਅਜਿਹੀਆਂ ਅਨੇਕਾਂ ਹੀ ਸੰਸਥਾਵਾਂ ਸਥਾਪਤ ਕੀਤੀਆਂ ਹੋਈਆਂ ਹਨ ਜੋ ਆਪਣੇ ਵਿਰਸੇ ਦੀ ਹੋਂਦ ਨੂੰ ਬਚਾਉਣ ਲਈ ਅਤੇ ਮਾਂ ਬੋਲੀ ਪੰਜਾਬੀ ਦੇ ਹੋਰ ਪਸਾਰੇ ਲਈ ਯਤਨਸ਼ੀਲ ਹਨ। Sartaaj_Sketchਅਜਿਹੀਆਂ ਹੀ ਸੰਸਥਾਵਾਂ ਵਿੱਚੋਂ ਇੱਕ ਸੰਸਥਾ ਹੈ 'ਵਿਰਾਸਤ'।ਸੰਸਥਾ 'ਵਿਰਾਸਤ' ਵੀ ਅਜਿਹੇ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ ਅਤੇ ਅਨੇਕਾਂ ਪੰਜਾਬੀ ਇਸ ਨਾਲ ਤਨੋਂ ਮਨੋਂ ਜੁੜੇ ਹੋਏ ਹਨ।'ਵਿਰਾਸਤ' ਵਲੋਂ ਆਰੰਭੇ ਯਤਨਾਂ ਦੀ ਲੜੀ ਤਹਿਤ ਇਸ ਵਾਰ ਸੂਫੀ ਗਾਇਕ ਸਤਿੰਦਰ ਸਰਤਾਜ ਨੂੰ ਆਸਟ੍ਰੇਲੀਆ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।ਸਤਿੰਦਰ ਸਰਤਾਜ ਨੂੰ ਜਿਸ ਕਿਸੇ ਨੇ ਵੀ ਸੁਣਿਆ ਹੈ,ਉਹ ਵਿਅਕਤੀ ਉਸ ਦੀ ਸਮਾਜਿਕ ਸੇਧ ਦੇਣ ਵਾਲੀ ਸ਼ਾਇਰੀ ਅਤੇ ਗਾਇਕੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।ਜਦੋਂ ਹੁਣ ਧੁਮ ਧੜਾਕੇ ਵਾਲੀ ਗਾਇਕੀ ਨੇ ਸਾਡੇ ਪੰਜਾਂ ਪਾਣੀਆਂ ਦੇ ਸੰਗੀਤ ਨੂੰ ਗੰਧਲਾ ਕੀਤਾ ਹੋਇਆ ਹੈ ਉਥੱੇ ਸਤਿੰਦਰ ਸਰਤਾਜ ਇੱਕ ਨਵੀ ਆਸ ਲੈ ਕੇ ਬਹੁੜਿਆ ਹੈ ਜਿਸਨੇਂ ਮਾਂ ਬੋਲੀ ਪੰਜਾਬੀ ਦੀ ਬੁੱਕਲ ਵਿੱਚ ਲੁਕੀਆਂ ਪਈਆਂ ਅਨੇਕਾਂ ਤਸ਼ਬੀਹਾਂ ਨੂੰ ਸਾਡੇ ਰੂਬਰੂ ਕੀਤਾ ਹੈ।ਸਾਡੇ ਭੁੱਲੇ ਵਿਸਰੇ ਬਾਗ ਬਗੀਚੇ,ਫੁੱਲ,ਪਹਾੜ ਅਤੇ ਜਜਬੇ ਉਸਦੀ ਸ਼ਾਇਰੀ ਦਾ ਸ਼ਿਗਾਰ ਬਣੇ ਹਨ।ਕੈਨੇਡਾ ਦੇ ਮੰਨੇਂ ਪ੍ਰਮੰਨੇ ਪ੍ਰਮੋਟਰ ਸ੍ਰੀ ਇਕਬਾਲ ਮਾਹਲ ਜੀ ਪਹਿਲਾਂ ਹੀ ਸਤਿੰਦਰ ਨੂੰ ਕੈਨੇਡਾ ਦੇ ਲੋਕਾਂ ਦੇ ਸਾਹਮਣੇ ਸਫਲਤਾ ਪੂਰਬਕ ਪੇਸ਼ ਕਰ ਚੁੱਕੇ ਸਨ 'ਤੇ ਕੈਨੇਡਾ ਵਿੱਚ ਹੀ ਸਤਿੰਦਰ ਦੇ ਅਠਾਰਾਂ ਸ਼ੋਅ ਸੋਲਡ ਆਊਟ ਸਨ।ਇੱਥੇ ਵੀ ਜਦ ਸੰਸਥਾ ਵਾਰਸਤ ਦੇ ਸੰਸਥਾਪਕ ਸ੍ਰੀ ਅਮਨਦੀਪ ਸਿੱਧੂ ਹੋਰਾਂ ਨੇ ਸਤਿੰਦਰ ਦੇ ਸ਼ੋਅ ਕਰਵਾਉਣ ਦਾ ਬੀੜਾ ਚੁੱਕਿਆ ਤਾਂ ਉਹਨਾਂ ਦੇ ਦੋਸਤ ਇਕਬਾਲ ਮਾਹਲ ਜੀ ਵੀ ਇਹਨਾਂ ਸ਼ੋਆਂ ਦੀ ਅਗਵਾਈ ਕਰਨ ਲਈ ਤਿਆਰ ਹੋ ਗਏ 'ਤੇ ਨਾਲ ਹੀ ਪੰਜਾਬ ਵਿੱਚ ਰਹਿ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ 'ਤੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ:ਸਤੀਸ਼ ਕੁਮਾਰ ਵਰਮਾਂ ਜੀ ਨੂੰ ਵੀ ਇਹਨਾਂ ਸਾਰੇ ਸ਼ੋਆਂ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਨ ਲਈ ਰਾਜੀ ਕਰ ਲਿਆ ਗਿਆ।

ਡਾ ਵਰਮਾ ਜੀ ਲਈ ਇਹ ਦੌਰਾ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਸਾਬਤ ਹੋਇਆ ਕਿਉਕਿ ਇਸ ਬਹਾਨੇਂ ਉਹਨਾਂ ਨੂੰ ਸਿਡਨੀ ਰਹਿੰਦੇ ਬੇਟੇ ਪਰਮੀਸ਼ ਨਾਲ ਮਿਲਣ ਦਾ ਸੁਭਾਗ ਵੀ ਪ੍ਰਾਪਤ ਹੋ ਗਿਆ।ਡਾ.ਸਤੀਸ਼ ਕੁਮਾਰ ਵਰਮਾਂ ਜੀ ਦੇ ਪੁਰਾਣੇ ਸਟੂਡੈਂਟ ਹੋਣ ਕਰਕੇ ਮੈਨੂੰ ਉਹਨਾਂ ਨਾਲ ਅੱਠ ਸਾਲ ਬਾਅਦ ਮਿਲਣ ਦਾ ਵੀ ਸੁਨਹਿਰੀ ਮੌਕਾ ਮਿਲ ਗਿਆ ਕਿਉਂਕਿ ਯੂਨੀਵਰਸਿਟੀ ਪੜਦੇ ਸਮੇਂ ਤੋਂ ਹੀ ਮੈਂ ਉਹਨਾਂ ਦੀ ਸ਼ਖਸ਼ੀਅਤ ਤੋਂ ਅਤੇ ਉਹਨਾਂ ਦੀਆਂ ਲਿਖਤਾਂ ਅਤੇ ਸ਼ਬਦਾਵਲੀ ਦਾ ਮੁਰੀਦ ਹਾਂ।ਵਿਰਾਸਤ ਦੀ ਸਾਰੀ ਟੀਮ ਇਹਨਾਂ ਸ਼ੋਆਂ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਪੱਬਾਂ ਭਾਰ ਹੋ ਗਈ।ਸਾਰਿਆਂ ਦੇ ਮਨ ਵਿੱਚ ਐਨਾਂ ਚਾਅ ਜਿਵੇਂ ਆਵਦਾ ਵਿਆਹ ਧਰਿਆ ਹੋਵੇ 'ਤੇ ਜਿੰਮੇਵਾਰੀ ਏਡੀ ਵੱਡੀ ਜਿਵੇਂ ਕਿਸੇ ਨੂੰ ਆਪਣੀ ਭੈਣ ਦੇ ਵਿਆਹ ਵੇਲੇ ਨਿਭਾਉਣੀਂ ਪੈਂਦੀ ਹੈ।ਇਕਬਾਲ ਮਾਹਲ ਜੀ 'ਤੇ ਡਾਕਟਰ ਸਤੀਸ਼ ਵਰਮਾਂ ਜੀ ਇਉਂ ਜਾਪਣ ਜਿਵੇਂ ਨਾਨਕੇ ਮੇਲ 'ਚ ਆਏ ਹੋਣ।ਕਿਉਂਕਿ ਸਤਿੰਦਰ ਸਰਤਾਜ ਨੂੰ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਸਰੋਤਿਆਂ ਦੇ ਰੁਬਰੂ ਹੋ ਰਹੇ ਸਨ ਤਾਂ ਮਿਹਨਤ ਵੀ ਜਿਆਦਾ ਕਰਨੀਂ ਪਈ।ਨਿੱਕੇ ਪੋਸਟਰਾਂ ਤੋਂ ਲੈ ਕੇ ਸਤਿੰਦਰ ਦੀਆਂ ਵੀਡੀਓ ਸੀਡੀਜ ਤੱਕ ਲੋਕਾਂ ਵਿੱਚ ਵੰਡੀਆਂ ਗਈਆਂ।ਮੈਨੂੰ ਜਿੰਮੇਵਾਰੀ ਸੰੌਪੀ ਗਈ ਕਿ ਸਰਤਾਜ ਦੀ ਇੰਟਰਵਿਊ ਕਰਕੇ ਇੱਥੋ ਛਪਦੇ ਪੰਜਾਬੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਈ ਜਾਵੇ।ਜਦ ਫੋਨ 'ਤੇ ਮੈਂ ਸਤਿੰਦਰ ਨਾਲ ਇੰਟਰਵਿਊ ਕੀਤੀ ਤਾਂ ਮੈ ਉਸਦੀ ਸ਼ਖਸ਼ੀਅਤ ਤੋਂ ਐਨਾਂ ਪਭਾਵਿਤ ਹੋਇਆ 'ਤੇ ਹੈਰਾਨ ਵੀ ਕਿ ਇਹ ਸਾਦਗੀ ਪਸੰਦ ਇਨਸਾਨ ਐਨਾਂ ਚੰਗਾ ਸ਼ਾਇਰ 'ਤੇ ਗਾਇਕ ਹੈ?ਇੱਥੋਂ ਦੇ ਸਪਾਂਸਰਾਂ ਤੋ ਬਿਨਾਂ ਪੰਜਾਬ ਦੇ ਹਰਮਨ ਪਿਆਰੇ ਅਖਬਾਰ 'ਅਜੀਤ' ਨੇ ਵੀ ਮੀਡੀਆ ਪਾਰਟਨਰ ਦੀ ਭੂਮਿਕਾ ਨਿਭਾਈ। ਸੋ ਮਿਥੇ ਪ੍ਰੋਗਰਾਮ ਅਨੁਸਾਰ ਸਤਿੰਦਰ ਦਾ ਪਹਿਲਾ ਸ਼ੋਅ ੨੨ ਨਵੰਬਰ ਨੂੰ ਬ੍ਰਿਸਬੇਨ ਸ਼ਹਿਰ ਦੇ ਚੈਡਲਰ ਥਿਏਟਰ ਵਿੱਚ ਰੱਖਿਆ ਗਿਆ।ਇਕਬਾਲ ਮਾਹਲ ਜੀ ਪੰਜਾਬ ਤੋਂ ਹੀ ਸਤਿੰਦਰ ਹੋਰਾਂ ਦੇ ਨਾਲ ਆਏ ਸਨ ਅਤੇ ਵਿਰਾਸਤ ਦੇ ਸੰਸਥਾਪਕ ਅਮਨਦੀਪ ਸਿੱਧੂ ਵੀ ਇਸੇ ਦਿਨ ਤੋ ਹੀ ਆਪਣਾਂ ਘਰ ਬਾਰ ਛੱਡ ਕੇ ਇਹਨਾਂ ਨਾਲ ਹੋ ਤੁਰੇ।ਡਾ.ਸਤੀਸ਼ ਵਰਮਾਂ ਜੀ ਹਰ ਸ਼ੋਅ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੁੰਦੇ 'ਤੇ ਆਪਣੇ ਉਦਘਾਟਨੀਂ ਭਾਸ਼ਣ ਵਿੱਚ ਇੱਥੇ ਵਸਦੇ ਪੰਜਾਬੀਆਂ ਨੂੰ ਆਪਣੇ ਵਿਰਸੇ ਅਤੇ ਬੋਲੀ ਨਾਲ ਜੁੜੇ ਰਹਿਣ ਦੀ ਤਾਕੀਦ ਕਰਦੇ।ਬ੍ਰਿਸਬੇਨ ਵਿੱਚ ਸਤਿੰਦਰ ਨੇ ਰੂਹ ਨਾਲ ਗਾਇਆ ਤੇ ਸਰੋਤੇ ਅਸ਼-ਅਸ਼ ਕਰ ਉੱਠੇ।ਆਪਣੀ ਖੂਬਸੂਰਤ ਸ਼ਾਇਰੀ ਤੇ ਅੰਦਾਜ ਨਾਲ ਸਤਿੰਦਰ ਨੇ ਸਰੋਤਿਆ ਦੇ ਦਿਲ ਜਿੱਤ ਲਏ।ਅਗਲਾ ਸ਼ੋਅ ੨੯ ਨਵੰਬਰ ਨੂੰ ਮੈਲਬੌਰਨ ਸ਼ਹਿਰ ਦੀ ਮੋਨਾਸ਼ ਯੂਨੀਵਰਸਿਟੀ ਦੇ ਰੌਬਰਟ ਹਾਲ ਵਿੱਚ ਰੱਖਿਆ ਗਿਆ ਸੀ।ਅਸੀਂ ਭਾਵੇ ਸਿਡਨੀਂ ਸ਼ੋਅ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸੀ ਪਰ ਆਪਣੇਂ ਮਹਿਬੂਬ ਗਾਇਕ ਨੂੰ ਸੁਣਨ ਦੀ ਤਾਂਘ ਕਰਕੇ ਰਾਤੋ ਰਾਤ ਫੈਸਲਾ ਕਰ ਕੇ ਸਵੇਰ ਸਾਰ ਹੀ ਮੈਲਬੌਰਨ ਦੀ ਫਲਾਈਟ ਫੜ ਲਈ।ਸ਼ਾਮੀ ਮੈਲਬੌਰਨ ਵਿੱਚ ਸਤਿੰਦਰ ਜਦ ਸਟੇਜ ਤੇ ਆਇਆ ਤਾਂ ਉਸ ਨੇ ਆਪਣੇ ਗੀਤਾਂ ਨਾਲ ਧੰਨ ਧੰਨ ਕਰਵਾ ਦਿੱਤੀ।ਆਸਟ੍ਰੇਲੀਆ ਵਸਦੇ ਖਾਸ ਤੌਰ ਤੇ ਸਟੂਡੈਂਟਸ ਲਈ ਜਦ ਉਸਨੇ ਗਾਇਆ ਕਿ;


"ਔਖੇ ਸ਼ੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ,
ਸਪਨੇਂ ਉਹ ਦੱਸੀਂ ਪੂਰੇ ਹੋਏ ਵੀ ਕਿ ਨਹੀਂ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ,ਪੁੱਤ ਸਾਡੇ ਪੈਰਾਂ 'ਤੇ ਖਲੋਏ ਵੀ ਕਿ ਨਹੀ।"

ਤਾਂ ਹਰ ਅੱਖ ਨਮ ਹੋ ਗਈ।ਆਪਣੇ ਵਿਰਸੇ ਨੂੰ ਭੁਲਾ ਕੇ ਪੱਛਮੀ ਰੰਗਤ ਵਿੱਚ ਡੁੱਬ ਰਹੇ ਪੰਜਾਬੀਆਂ ਲਈ ਜਦ ਉਸਨੇ ਗਾਇਆ ਇਹ ਗੀਤ ਗਾਇਆ ਤਾਂ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੱਤਾ,

"ਦੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉਤੇ,
ਮਾਣ ਭੋਰਾ ਵੀ ਨਾਂ ਰਿਹਾ ਗੁਰੁ ਦਿਆਂ ਸ਼ਾਨਾਂ ਉੱਤੇ,
ਚਾਰ ਅੱਖਰਾਂ ਨੂੰ ਬੋਲਣੇ ਦਾ ਉਹਦੇ ਕੋਲ ਹੈ ਨੀਂ ਸਮਾਂ,
ਨਾਮ ਗੁਰਮੀਤ ਸਿੰਘ ਸੀ ਜੋ ਗੈਰੀ ਹੋ ਗਿਆ,
ਪਾਣੀਂ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ,ਮੁੰਡਾ ਪਿੰਡ ਦਾ ਸੀ
ਸ਼ਹਿਰ ਆ ਕੇ ਸ਼ਹਿਰੀ ਹੋ ਗਿਆ।"

ਇੱਥੇ ਹੀ ਜਦ ਡਾ:ਸਤੀਸ਼ ਵਰਮਾਂ ਨੂੰ ਮਿਲਿਆ ਤਾਂ ਉਹਨਾਂ ਨੇ ਫੌਰਨ ਪਛਾਂਣ ਲਿਆ ਯੂਨੀਵਰਸਿਟੀ ਵਾਲੇ ਦਿਨਾਂ ਦੀਆਂ ਯਾਦਾਂ ਤਾਜੀਆਂ ਕੀਤੀਆਂ।

ਅਮਨਦੀਪ ਸਿੱਧੂ ਜੀ ਦੀ ਸਿਡਨੀਂ ਰਹਿੰਦੀ ਭੈਣ ਪਲਵਿੰਦਰ ਸੂਚ ਹੋਰਾਂ ਨੇ ਸਤਿੰਦਰ ਸਰਤਾਜ ਦੀ ਪੂਰੀ ਟੀਮ ਦੀ ਮਹਿਮਾਨ ਨਿਵਾਜੀ ਦੀ ਜਿੰਮੇਵਾਰੀ ਨਿਭਾਈ।ਇੱਥੇ ਸਾਰੇ ਇਉਂ ਘੁਲ ਮਿਲ ਗਏ ਸਨ ਜਿਵੇਂ ਇੱਕ ਹੀ ਪਰਿਵਾਰ ਦੇ ਮੈਂਬਰ ਹੋਣ।ਇੱਥੇ ਹੀ ਜਦ ਸਤਿੰਦਰ ਸਰਤਾਜ ਨੂੰ ਨਿੱਜੀ ਤੌਰ ਤੇ ਮਿਲਿਆ ਤਾਂ ਉਸਨੇ ਦੱਸਿਆ ਕਿ ਉਸ ਦੇ ਸਾਰੇ ਹੀ ਗੀਤ ਉਸਦੇ ਨਿੱਜੀ ਅਨੁਭਵਾਂ ਤੇ ਆਧਾਰਤ ਹਨ ਜਾਂ ਫਿਰ ਕੁਦਰਤ ਦਾ ਪ੍ਰੇਮੀ ਹੋਣ ਕਰਕੇ ਉਹ ਆਪਣੇ ਗੀਤਾਂ ਵਿੱਚ ਫੁੱਲਾਂ,ਰੁੱਖਾਂ,ਖੇਤਾਂ,ਕਿਸਾਨਾਂ ਜਾਂ ਰੁੱਤਾਂ ਦਾ ਬਿਆਨ ਕਰਦਾ ਹੈ।ਅਖਿਰ ੫ ਦਸੰਬਰ ਦੀ ਸ਼ਾਮ ਨੂੰ ਸਿਡਨੀ ਉਲੰਪਿਕ ਪਾਰਕ ਦੇ ਸਪੋਰਟਸ ਸੈਂਟਰ ਵਿੱਚ ਸ਼ੋਅ ਦਾ ਆਯੌਜਿਨ ਕੀਤਾ ਗਿਆ ਜੋ ਕਿ ਇੱਕ ਵਿਲੱਖਣ ਤਜੁਰਬਾ ਸੀ। ੩੦੦੦ ਸੀਟਾਂ ਦੀ ਸਮਰੱਥਾ ਵਾਲੇ ਇਸ ਹਾਲ ਦਾ ਇੱਕ ਦਿਨ ਦਾ ਕਿਰਾਇਆ ਹੀ ੩੦੦੦੦ ਡਾਲਰ ਹੈ 'ਤੇ ਇਸ ਹਾਲ ਵਿੱਚ ਕਿਸੇ ਪੰਜਾਬੀ ਸ਼ੋਅ ਦਾ ਹੋਣਾਂ ਪੰਜਾਬੀਆਂ ਅਤੇ ਪੰਜਾਬੀਅਤ ਲਈ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਹੈ।ਇਥੇ ਵੀ ਡਾ:ਸਤੀਸ਼ ਵਰਮਾਂ ਨੇ ਪੰਜਾਬੀ ਜੁਬਾਨ ਨੂੰ ਹੋਰ ਪ੍ਰਫੁੱਲਤ ਕਰਨ ਦਾ ਸੁਨੇਹਾ ਦਿੱਤਾ ਤੇ ਪੰਜਾਬੀ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਤੇ ਆਪਣੇ ਭਾਸ਼ਣਾਂ ਨੂੰ ਨਿੱਕੇ-ਨਿੱਕੇ ਸ਼ੇਅਰਾਂ ਨਾਲ ਦੁਨੀਆਂ ਵਿੱਚ ਫੈਲ ਰਹੀ ਪੰਜਾਬੀਅਤ ਦੇ ਮਾਣ ਨੂੰ ਵਧਾਉਂਦੇ ਹੋਏ ਕਿਹਾ ਕਿ

ਪੰਜਾਬੀ ਨਾਂ ਸੀਮ ਨਾਂ ਅਸੀਮ,
ਪੰਜਾਬੀ ਤਕਸੀਮ ਦਰ ਤਕਸੀਮ।

ਨਾਲ ਹੀ ਜਦ ਸਤਿੰਦਰ ਸਟੇਜ 'ਤੇ ਆਇਆ ਤਾਂ ਸਭ ਨੇ ਖੜ ਕੇ ਉਸਦਾ ਸਵਾਗਤ ਕੀਤਾ।

ਉਸਨੇਂ ਆਪਣੇਂ ਗੀਤ 'ਸਾਈਂ' ਤੋਂ ਸ਼ੁਰੂ ਕਰ ਕੇ ਅਨੇਕਾਂ ਹੀ ਗੀਤ ਗਾਏ।ਪੰਜਾਬ ਦੀ ਸੁੱਖ ਸ਼ਾਂਦ ਦਾ ਸੁਨੇਹਾ ਉਸਨੇ  ਗੀਤ ਰਾਹੀਂ ਦਿੰਦੇ ਕਿਹਾ ਕਿ


ਇੱਕ ਦਿਆ ਸੁਨੇਹਾਂ ਪੁੱਤਾਂ ਨੂੰ,ਰੂਹਾਂ ਤੋਂ ਵਿਛੜਿਆਂ ਬੁੱਤਾਂ ਨੂੰ,
'ਤੇ ਰੁੱਸ ਕੇ ਆਈਆਂ ਰੁੱਤਾਂ ਨੂੰ,
ਮੈਂ ਓਸ ਪੰਜਾਬੋਂ ਆਇਆਂ ਹਾਂ,ਸ਼ੁੱਖ ਸ਼ਾਂਦ ਸੁਨੇਹਾਂ ਲਿਆਇਆਂ ਹਾਂ।

ਇਸ ਤੋਂ ਇਲਾਵਾ ਉਸਨੇਂ ਆਪਣੇ ਮਸ਼ਹੂਰ ਗੀਤ 'ਫਿਲਹਾਲ' "ਦਸਤਾਰ ਕਦੇ ਨੀਂ ਲਾਹੀਦੀ ਦੀ', 'ਪਾਣੀਂ ਪੰਜਾਂ ਦਰਿਆਵਾਂ ਵਾਲਾ,ਟੱਪੇ,ਮੋਤੀਆ,ਜੇ ਕੋਈ ਦੱਸੇ ਗੱਲ ਤਜੁਰਬੇ ਵਾਲੀ ਆਦਿ ਅਨੇਕਾਂ ਗੀਤਾਂ ਨਾਲ ਰੂਹ ਨੂੰ ਸ਼ਾਰਸ਼ਾਰ ਕਰ ਦਿੱਤਾ। 

ਦਸਤਾਰ - Satinder Sartaj Live



ਸਮਾਜਿਕ ਸੇਧ 'ਤੇ ਚੰਗਾ ਸੰਦੇਸ਼ ਦੇਣ ਵਾਲਾ ਗੀਤ ਸਰੋਤਿਆਂ ਨੇ ਵਾਰ ਵਾਰ ਸੁਣਿਆ ਕਿ

"ਉਹਨਾਂ ਨੇ ਕੀ ਪੁੱਜਣਾਂ ਏ ਮੰਜਲਾਂ 'ਤੇ ਦੱਸੋ ਭਲਾਂ,
ਜਿਹੜੇ ਰਾਹਾਂ ਛੱਡ ਬਹਿਗੇ ਪੈਰੀਂ ਚੁਭੇ ਕੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,
ਚਾਰ ਹੀ ਤਰੀਕਿਆਂ ਨਾਂ ਬੰਦਾ ਕਰੇ ਕੰਮ ਸਦਾ,
ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ"।

ਸਤਿੰਦਰ ਸਰਤਾਜ ਨੂੰ ਸੁਣ ਕੇ ਹਰ ਇੱਕ ਸਰੋਤੇ ਨੂੰ ਇੰਝ ਮਹਿਸੂਸ ਹੋਇਆ ਜਿਵੇ ਤਪਦੀ ਹਾੜ ਤੋਂ ਬਾਦ ਅੰਦਰੋਂ ਬਾਹਰੋਂ ਸੜ ਭੁੱਜ ਚੁੱਕੀ ਧਰਤੀ 'ਤੇ ਸਾਵਣ ਦੀਆਂ ਕਣੀਆਂ ਦੀ ਆਮਦ ਹੋਵੇ।ਉਸ ਦੇ ਸੁਰੀਲੇ ਗਲੇ ਵਿੱਚ ਸੂਫੀ ਸੰਗੀਤ ਦਾ ਦਰਿਆ ਵਗਦਾ ਹੈ 'ਤੇ ਬਾਹਰੀ ਦਿੱਖ ਤੋਂ ਬੁੱਲੇ ਸ਼ਾਹ ਜਾਂ ਵਾਰਿਸ ਸ਼ਾਹ ਵਾਂਗ ਜਾਪਦਾ ਇਹ ਦਰਵੇਸ਼ ਇਸ਼ਕ ਹਕੀਕੀ ਵਾਲੇ ਸੰਗੀਤ ਨਾਲ ਸਾਡੀ ਸਾਂਝ ਪੁਆ ਰਿਹਾ ਜਾਪਦਾ ਹੈ।ਧਰਤ ਆਕਾਸ਼ ਪਾਤਾਲ ਦੀਆਂ ਸਭ ਨਿਵਾਣਾਂ ਨੂੰ ਛੋਹਦੀ ਉਸ ਦੀ ਆਵਾਜ ਕੁੱਲ ਕਾਇਨਾਤ ਦੇ ਅਨਹਦ ਨਾਦ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ।ਹਰ ਰੂਹ ਉਸਦਾ ਧੰਨਵਾਦ ਕਰਦੀ ਜਾਪੀ ਕਿਉਂਕਿ ਉਸਨੇ ਆਪਣੀ ਨਿਵੇਕਲੀ ਕਿਸਮ ਦੀ ਗਾਇਕੀ ਦੁਆਰਾ ਸਾਡੀ ਨਵੀਂ ਪੀੜੀ੍ਹ ਉੱਤੇ ਲੱਗਦੇ ਇਸ ਦੋਸ਼ ਨੂੰ ਧੋ ਦਿੱਤਾ ਕਿ ਇਹ ਕੁੱਝ ਸਾਫ ਸੁਥਰਾ ਨਹੀਂ ਸੁਣਨਾਂ ਚਾਹੁੰਦੇ।ਇੱਥੇ ਹੀ ਜਦ ਉਸਨੇ ਬਾਬੂ ਰਜਬ ਅਲੀ ਦਾ ਬਹੱਤਰ ਕਲਾ ਛੰਦ ਸੁਣਾਇਆ ਜਿਸ ਵਿੱਚ ਰਜਬ ਅਲੀ ਲਿਖਦਾ ਹੈ ਕਿ


'ਗੋਰੇ ਬੜੇ ਮਿਹਨਤੀ ਜੀ ਟਿੱਬੇ ਜਿਹੇ ਢਾਹ ਲੇ,ਨਵੇਂ ਕੱਢੇ ਖਾਲ੍ਹੇ,ਜਾਣ ਕਾਰਖਾਨੀਂ,
ਯਾਦ ਆਜੇ ਨਾਨੀਂ ਬਾਰਾਂ ਬਾਰਾਂ ਘੰਟੇ ਡਿਊਟੀਆਂ ਲੱਗੀਆਂ,ਨੰਗੇ ਸੀਸ ਦੁਪਹਿਰੇ ਜੀ,
ਬੂਟ ਜਿਹੇ ਕਰੜੇ,ਰਹਿਣ ਪੱਬ ਨਰੜੇ ਜੀਨ ਦੀਆਂ ਝੱਗੀਆਂ।

ਤਾਂ ਸ਼ੋਅ ਦੌਰਾਨ ਹਾਲ ਵਿੱਚ ਲਾਈਟ,ਸਾਂਊਡ ਅਤੇ ਕੈਮਰਿਆਂ ਦਾ ਕੰਟਰੋਲ ਸੰਭਾਲ ਰਹੇ ਗੋਰਿਆ ਨੂੰ ਦੇਖ ਕੇ ਹੈਰਾਨੀ ਵੀ ਹੋ ਰਹੀ ਸੀ 'ਤੇ ਖੁਸ਼ੀ ਵੀ ਕਿ ਜਿਨਾਂ੍ਹ ਗੋਰਿਆ ਦੀ ਅਸੀ ਡੇਢ ਸੌ ਸਾਲ ਤੋਂ ਵੱਧ ਗੁਲਾਮੀਂ ਕੀਤੀ ਹੈ ਅੱਜ ਉਹ ਸਾਡੇ ਲਈ ਕੰਮ ਕਰ ਰਹੇ ਸਨ।ਰਾਤ ਦੇ ਬਾਰਾਂ ਵਜੇ ਸੋਅ ਤੋਂ ਵਿਹਲੇ ਹੋ ਕੇ 'ਤੇ ਸਿਰਫ ਤਿੰਨ ਘੰਟੇ ਸੌ ਕੇ ਅਗਲੇ ਦਿਨ ਸਵੇਰੇ ਫਿਰ ਸਤਿੰਦਰ ਦੀ ਪੂਰੀ ਟੀਮ ਨੇਂ ਆਖਰੀ ਸ਼ੋਅ ਲਈ ਐਡੀਲੇਡ ਲਈ ਫਲਾਈਟ

ਫੜ ਲਈ।ਐਡੀਲੇਡ ਯੂਨੀਵਰਸਿਟੀ ਦੇ ਐਲਡਰ ਹਾਲ ਵਿੱਚ ਜਦ ਸਤਿੰਦਰ ਆਇਆ ਤਾਂ ਖਚਾ ਖਚ ਭਰੇ ਹਾਲ ਨੂੰ ਦੇਖ ਕੇ ਉਸਨੇ ਸਿਡਨੀਂ ਸ਼ੋਅ ਦੀ ਥਕਾਵਟ ਅਤੇ ਰਾਤ ਦਾ ਉਨੀਂਦਰਾ ਭੁਲਾ ਕੇ ਐਸਾ ਰੰਗ ਬੰਨਿਆਂ ਤਾਂ ਇਹ ਸ਼ੋਅ ਸਾਰੇ ਸ਼ੋਆਂ ਨਾਲੋਂ ਸ਼ਫਲ ਹੋ ਨਿੱਬੜਿਆ।ਇਸ ਸ਼ੋਅ ਤੋਂ ਫੌਰਨ ਬਾਦ ਅਮਨਦੀਪ ਭਾਅ ਜੀ ਹੋਰਾਂ ਦਾ ਫੋਨ ਆ ਗਿਆ ਕੇ ਸੱਤ ਦਸੰਬਰ ਨੂੰ ਹੀ ਯਾਨੀਂ ਅਗਲੇ ਦਿਨ ਹੀ ਸ਼ਤਿੰਦਰ ਹੋਰਾਂ ਨੇ ਸ਼ਾਮ ਸੱਤ ਵਜੇ ਸਿਡਨੀਂ ਤੋਂ ਇੰਡੀਆ ਲਈ ਫਲਾਈਟ ਫੜਨੀਂ ਹੈ 'ਤੇ ਡਿਊਟੀ ਲਗਾ ਦਿੱਤੀ ਕਿ ਦਿਨ ਦੇ ਤਿੰਨ ਵਜੇ ਉਹਨਾਂ ਨੂੰ ਡੋਮੈਸਟਿਕ ਹ੍ਹਵਾਈ ਅੱਡੇ ਤੋਂ ਇੰਟਰਨੈਸ਼ਨਲ ਟਰਮੀਨਲ  ਪਹੁੰਚਾਉਣਾਂ ਹੈ।ਮੇਰੇ ਨਾਲ ਕੁੱਝ ਹੋਰ ਵੀ ਟੀਮ ਮੈਬਰਾਂ ਦੀ ਇਹੀ ਡਿਊਟੀ ਲਗਾਈ।ਇੱਥੇ ਫਿਰ ਭੈਣ ਪਲਵਿੰਦਰ ਸੂਚ ਹੋਰੀਂ ਹੱਥੀ ਬਣਾਏ ਪਰਾਉਠਿਆਂ ਨਾਲ ਮਹਿਮਾਨ ਨਿਵਾਜੀ ਲਈ ਤਿਆਰ ਖੜ੍ਹੇ ਸਨ।ਏਅਰਪੋਰਟ 'ਤੇ ਖੜ੍ਹੇ ਅਸੀਂ ਸਾਰੇ ਸਤਿੰਦਰ ਹੋਰਾਂ ਨਾਲ ਧੰਨਵਾਦੀ ਸ਼ਬਦਾਂ ਦਾ ਵਟਾਦਰਾਂ ਕਰ ਰਹੇ ਸਾਂ।ਜਦ ਸਤਿੰਦਰ ਦੀ ਪੂਰੀ ਟੀਮ ਜਦ ਅੰਦਰ ਜਾ ਰਹੀ ਸੀ ਤਾਂ ਭਾਵੁਕ ਹੋਏ ਮਹੌਲ ਵਿੱਚ ਅਸੀਂ ਉਸ ਨੂੰ ਅਲਵਿਦਾ ਆਖ ਰਹੇ ਸਾਂ।ਐਮੀਰੇਟਸ ਏਅਰਲਾਈਨ ਦਾ ਜਹਾਜ ਉਹਨਾਂ ਨੂੰ ਲੈ ਕੇ ਰਨਵੇਅ ਵੱਲ ਨੂੰ ਜਾ ਰਿਹਾ ਸੀ 'ਤੇ ਅਸੀ ਸਾਰੇ ਆਪਣੀਆਂ ਆਪਣੀਆਂ ਕਾਰਾਂ ਵੱਲ।ਉਸ ਨੂੰ ਅਲਵਿਦਾ ਕਹਿ ਕੇ ਆਪਣੇ ਸ਼ਾਮ ਵਾਲੇ ਕੰਮ ਨੂੰ ਜਾਂਦੇ ਹੋਏ ਮੋਟਰਵੇਅ ਨੰਬਰ ਪੰਜ ਤੇ ਕਾਰ ਦੌੜ ਰਹੀ ਸੀ 'ਤੇ ਜਦ ਸੀਡੀ ਪਲੇਅਰ ਦਾ ਬਟਨ ਦਬਾਇਆ ਤਾਂ ਸਤਿੰਦਰ ਦਾ ਹੀ ਗਾਣਾਂ ਫਿਰ ਚੱਲ ਪਿਆ,


ਪਾਣੀਂ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ,
ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ।
***********************************************************************************
Satinder Sartaaj Interview With Kang Sahib
------------------------------------------------------------------------------
ਸੂਫ਼ੀ ਗਾਇਕੀ ਵਿੱਚ ਖੁੱਦ ਸ਼ਾਇਰੀ ਕਰਕੇ ਗਾਉਣ ਵਾਲੇ ਦਰਵੇਸ਼ ਗਾਇਕ ਸਤਿੰਦਰ ਸਰਤਾਜ ਦੇ ਨਾਂਅ ਤੋਂ ਅੱਜ ਸਾਰੇ ਵਾਕਫ ਹਨ। ਡਾ. ਸਤਿੰਦਰ ਸਰਤਾਜ ਨਾਲ ਮੈ ਪਿਛਲੇ ਦਿਨੀਂ ਇੱਕ ਲੰਮੀ ਗੱਲਬਾਤ ਕੀਤੀ 'ਤੇ ਉਹਨਾਂ ਦੀ ਸ਼ਖਸ਼ੀਅਤ ਬਾਰੇ ਕਾਫੀ ਸਾਰੀਆਂ ਗੱਲਾਂ ਜਾਨਣ ਦਾ ਮੌਕਾ ਮਿਲਿਆ ਜੋ ਸ਼ਾਇਦ ਉਹਨਾਂ ਦੇ ਸਰੋਤਿਆਂ ਨੂੰ ਨਾਂ ਪਤਾ ਹੋਣ। ਸੋ ਪੇਸ਼ ਨੇ ਸਤਿੰਦਰ ਸਰਤਾਜ਼ ਨਾਲ ਕੀਤੀ ਇੰਟਰਵਿਊ ਦੇ ਕੁੱਝ ਅੰਸ਼;-

ਸਵਾਲ-ਸਤਿੰਦਰ ਜੀ ਪਹਿਲਾਂ ਤਾਂ ਆਪਣੇ ਜਨਮ, ਤਾਲੀਮ ਅਤੇ ਸਿਰਨਾਵੇਂ ਬਾਰੇ ਜਾਣਕਾਰੀ ਦਿਓ?

ਹੁਸ਼ਿਆਰਪੁਰ ਜਿਲੇ੍ਹ ਵਿੱਚ ਪਿੰਡ ਬਜਰੌਰ ਵਿਖੇ ਮੇਰਾ ਜਨਮ ਇੱਕ ਸਾਧਾਰਨ ਕਿਸਾਨੀਂ ਪਰਿਵਾਰ ਵਿੱਚ ਹੋਇਆ ਹੈ। ਮੈਂ ਪੰਜਵੀਂ ਜਮਾਤ ਤੱਕ ਪਿੰਡ ਦੇ ਹੀ ਸਕੂਲ ਵਿੱਚ ਪੜ੍ਹਿਆ ਹਾਂ ਤੇ ਫਿਰ ਦਸਵੀਂ ਕਲਾਸ ਤੱਕ ਆਪਣੇਂ ਪਿੰਡ ਦੇ ਨਾਲ ਲੱਗਦੇ ਕਸਬੇ ਚੱਬੇਵਾਲ ਦੇ ਖਾਲਸਾ ਸਕੂਲ ਤੋਂ ਪਾਸ ਕੀਤੀ। ਫਿਰ ਗੌਰਮਿੰਟ ਕਾਲੇਜ  ਹੁਸ਼ਿਆਰਪੁਰ ਤੋਂ ਮਿਊਜ਼ਕ ਆਨਰਜ ਨਾਲ ਬੀ.ਏ. ਕੀਤੀ ਤੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਂਮ.ਏ.ਐਮ.ਫਿਲ ਤੇ ਫਿਰ ਸੂਫ਼ੀ ਸਹਿਤ ਦੇ ਵਿਸ਼ੇ ਤੇ ਪੀ.ਐਚ.ਡੀ ਕੀਤੀ ਤੇ ਨਾਲ ਹੀ ਡਿਪਲੋਮਾਂ ਇਨ ਪਰਸੀਅਨ ਲੈਗੁਏਜ ਵੀ ਕੀਤਾ ਤੇ ਹੁਣ ਯੂਨੀਵਰਸਿਟੀ ਦੇ ਹੀ ਮਿਊਜ਼ਿਕ ਡਿਪਾਰਟਮੈਂਟ ਵਿੱਚ ਪੜ੍ਹਾ ਰਿਹਾ ਹਾਂ ਤੇ ਚੰਡੀਗੜ੍ਹ ਹੀ ਰਹਿ ਰਿਹਾ ਹਾਂ।

ਸਵਾਲ-ਸਤਿੰਦਰ ਤੋਂ ਸਰਤਾਜ ਤੱਕ ਦੇ ਸਫਰ ਬਾਰੇ ਦੱਸੋ  ਤੇ 'ਸਰਤਾਜ' ਤਖੱਲਸ ਕਿਵੇਂ ਅਪਣਾਇਆ?

ਸਤਿੰਦਰ ਤੋਂ ਸਰਤਾਜ ਤੱਕ ਦਾ ਸਫਰ ਤਾਂ ਬੜਾ ਲੰਮੇਰਾ ਹੈ, ਹਾਂ ਪਰ ਜਦ ਮੈਂ ਗਾਉਣਾਂ ਸ਼ੁਰੂ ਕੀਤਾ ਤਾਂ ਮਹਿਸੂਸ ਹੁੰਦਾ ਸੀ ਕਿ ਕੋਈ ਵੱਖਰਾ ਤਖੱਲਸ ਜਰੂਰ ਹੋਣਾਂ ਚਾਹੀਦਾ ਹੈ। ਇੱਕ ਰਾਤ ਯੂਨੀਵਰਸਿਟੀ ਦੇ ਹੋਸਟਲ ਵਿੱਚ ਸੁੱਤੇ ਪਏ ਦੀ ਸਵੇਰੇ ਤਿੰਨ ਵਜੇ ਅੱਖ ਖੁੱਲ ਗਈ, ਫਿਰ ਨੀਦ ਹੀ ਨਾਂ ਆਵੇ। ਮੈਂ ਪੈੱਨ ਕਾਪੀ ਚੁੱਕੀ ਤੇ ਹੋਸਟਲ ਤੋਂ ਬਾਹਰ ਆ ਕੇ ਲਿਖਣ ਲੱਗ ਪਿਆ। ਜੋ ਗੀਤ ਉਸ ਸਮੇਂ ਮੈਂ ਲਿਖਿਆ ਉਸਦੀ ਆਖਰੀ ਲਾਈਨ ਸੀ ਕਿ 'ਤੇਰੇ ਸਿਰ ਤਾਰਿਆਂ ਦਾ ਤਾਜ ਵੇ' ਔਰ ਉਸੇ ਸਮੇਂ ਹੀ 'ਸਰਤਾਜ' ਸ਼ਬਦ ਮੇਰਾ ਤਖੱਲਸ ਬਣ ਗਿਆ ਔਰ ਇਸਦੇ ਤਿੰਨ ਸ਼ਬਦ 'ਸ' 'ਤ' ਅਤੇ 'ਰ' ਮੇਰੇ ਨਾਮ ਸਤਿੰਦਰ ਵਿੱਚ ਵੀ ਹਨ।


ਸਵਾਲ-ਸਰਤਾਜ ਜੀ ਕੀ ਤੁਹਾਨੂੰ ਸ਼ੁਰੂ ਤੋ ਹੀ ਗਾਇਕ ਬਣਨ ਦੀ ਚਾਹ ਸੀ?

ਨਹੀਂ ਜੀ। ਸਾਡੇ ਪਰਿਵਾਰ ਵਿੱਚ ਕਿਸੇ ਦਾ ਵੀ ਗਾਇਕੀ ਨਾਲ ਨੇੜੇ ਦਾ ਵਾਸਤਾ ਵੀ ਨਹੀਂ ਸੀ। ਹਾਂ ਮੇਰੇ ਵੱਡੇ ਭਾਈ ਸਹਿਬ ਨੇਂ ਮਿਊਜਿਕ ਵਿਸ਼ੇ ਨਾਲ ਐਂਮ.ਏ.ਜਰੂਰ ਕੀਤੀ ਹੈ। ਮੈ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਮਾਸਟਰਾਂ ਦੇ ਕਹਿਣ ਤੇ ਕੋਈ ਗੀਤ ਜਰੂਰ ਗਾਇਆ ਕਰਦਾ ਸੀ। ਫਿਰ ਜਦ ਮੈਂ ਕਾਲੇਜ ਦਾਖਲਾ ਲਿਆ ਤਾਂ ਮੈ ਸਿਰਫ ਬੀ.ਏ. ਕਰਨੀ ਚਾਹੁੰਦਾ ਸੀ ਪਰ ਮੇਰੇ ਪਿਤਾ ਜੀ ਨੇਂ ਕਿਹਾ ਕੇ ਸਤਿੰਦਰ ਜੇ ਤੇਰੀ ਰੁਚੀ ਸੰਗੀਤ ਵਿੱਚ ਹੈ ਤਾਂ ਤੂੰ ਮਿਊਜਿਕ ਵਿਸ਼ਾ ਕਿਉਂ ਨਹੀ ਲੈ ਲੈਂਦਾ। ਬੱਸ ਜੀ ਫਿਰ ਜਦ ਮਿਊਜਿਕ ਨਾਲ ਬੀ.ਏ ਕੀਤੀ ਤਾਂ ਫਿਰ ਐਂਮ.ਏ. ਲਿਟਰੇਚਰ ਨਾਲ ਕਰਨ ਲਈ ਵਿਚਾਰ ਬਣਾਇਆ ਤਾਂ ਫਿਰ ਫਾਦਰ ਸਹਿਬ ਬੋਲੇ ਕੇ ਐਮ.ਏ. ਵੀ  ਮਿਊਜਿਕ ਨਾਲ ਹੀ ਕਰ। ਪਰ ਇਹ ਸਿਰਫ ਚੰਡੀਗੜ੍ਹ ਯੂਨੀਵਰਸਿਟੀ ਰਹਿ ਕੇ ਹੀ ਹੋ ਸਕਦੀ ਸੀ ਤਾਂ ਮੈ ਪਿਤਾ ਜੀ ਨੂੰ ਕਿਹਾ ਕੇ ਜੀ ਮੈ ਤਾਂ ਕਦੇ ਘਰੋਂ ਬਾਹਰ ਹੀ ਨੀ ਨਿਕਲਿਆ, ਚੰਡੀਗੜ੍ਹ ਇਕੱਲਾ ਕਿਵੇ ਰਹਾਂਗਾ। ਬੱਸ ਰੱਬ ਦਾ ਨਾਂ ਲੈ ਕੇ ਫਿਰ ਚੰਡੀਗੜ੍ਹ ਆ ਡੇਰੇ ਲਾਏ ਤੇ ਅਜੇ ਤੱਕ ਇਸੇ ਸ਼ਹਿਰ ਦੀ ਬੁੱਕਲ ਦਾ ਨਿੱਘ ਮਾਣ ਰਿਹਾ ਹਾਂ।

ਸਵਾਲ-ਸ਼ਇਰੀ ਕਦੋਂ ਸ਼ੁਰੂ ਕੀਤੀ?

ਮੈ ਜਦ ਮਿਊਜਿਕ ਨਾਲ ਐਮ.ਏ. ਕਰ ਰਿਹਾ ਸੀ ਤਾਂ ਉਦੋਂ ਹੀ ਗਾਉਣਾਂ ਸ਼ੁਰੂ ਕਰ ਦਿੱਤਾ ਸੀ। ਸ਼ੁਰੂ ਵਿੱਚ ਕਿਸੇ ਹੋਰ ਲੇਖਕਾਂ ਦੇ ਗੀਤ ਗਾਉਣੇ ਜਾਂ ਫਿਰ ਵਾਰਿਸ਼ ਸ਼ਾਹ, ਬੁੱਲੇ ਸ਼ਾਹ, ਦਾਮਨ, ਆਦਿ ਸੂਫ਼ੀ ਸ਼ਾਇਰਾਂ ਦੇ ਕਲਾਮ ਗਾਂਉਦਾ ਸੀ। ਐਂਮ.ਏ. ਭਾਗ ਦੂਜਾ ਕਰਦੇ ਸਮੇ ਮੈਂ ਫਿਰ ਆਪਣੀ ਸ਼ਾਇਰੀ ਕਰਨੀ ਸ਼ੁਰੂ ਕੀਤੀ 'ਤੇ ਫਿਰ ਉਹੀ ਗਾਂਉਦਾ। ਪਰ ਹੁਣ ਮੈ ਸਟੇਜ ਤੇ ਕੇਵਲ ਆਪਣੀਆਂ ਰਚਨਾਵਾਂ ਹੀ ਗਾਉਦਾ ਹਾਂ।

ਸਵਾਲ-ਸਤਿੰਦਰ ਜੀ ਜੋ ਤੁਸੀਂ ਅੱਜ ਸਟੇਜ ਤੇ ਪਹਿਰਾਵਾ ਪਹਿਨਦੇ ਹੋ, ਭਾਵ ਪੱਗ ਬੰਨ ਕੇ ਹੇਠਾਂ ਦੀ ਵਾਲ ਖੁੱਲੇ ਛੱਡਣੇ, ਮੋਢੇ ਤੇ ਲੋਈ ਰੱਖਣੀਂ ਆਦਿ ਕਿਵੇ ਅਪਣਾਇਆ ਔਰ ਜੋ ਪੱਗ ਦੇ ਉਪਰ ਤੁਸੀਂ ਕੀ ਬੰਨਦੇ ਹੋ?

(ਹੱਸ ਕੇ)ਪਹਿਲਾਂ ਪੱਗ ਬਾਰੇ ਦੱਸਦਾ ਹਾਂ, ਪੱਗ ਉੱਪਰ ਦੀ ਜੋ ਗਹਿਣਾਂ ਮੈ ਬੰਨਦਾ ਹਾਂ ਉਸਨੂੰ 'ਸਰਪੇਚ' ਕਹਿੰਦੇ ਹਨ। ਸਰਪੇਚ ਇਰਾਨੀ ਸ਼ਬਦ ਹੈ ਜਿਸ ਦਾ ਭਾਵ ਹੈ ਅਜਿਹਾ ਗਹਿਣਾਂ ਜਿਸਨੂੰ ਇਰਾਨੀ ਲੋਕ ਕਿਸੇ ਸ਼ਗਨ ਜਾ ਖੁਸ਼ੀ ਮੌਕੇ ਪਹਿਨਦੇ ਹਨ। ਕਿੁਂਕਿ ਸੂਫ਼ੀ ਧਾਰਾ ਦਾ ਮੁੱਢ ਹੀ ਇਰਾਨ ਵਿੱਚ ਬੱਝਿਆ ਹੈ ਸੋ ਪੀ.ਐਚ.ਡੀ. ਵਿੱਚ ਮੈ ਇਰਾਨੀਂ ਸਹਿਤ ਦਾ ਬੜਾ ਡੂੰਘਾ ਵਿਸ਼ਲੇਸ਼ਣ ਕੀਤਾ ਹੈ। ਸੋ ਮੇਰੀ ਸ਼ਾਇਰੀ ਵਿੱਚ ਵੀ ਕਈ ਸ਼ਬਦ ਅਜਿਹੇ ਹੀ ਵਰਤੇ ਹੁੰਦੇ ਹਨ। ਮੈਨੂੰ ਪੇਚਾਂ ਵਾਲੀ ਪੱਗ ਦੀ ਬਜਾਏ ਰਵਾਇਤੀ ਢੰਗ ਨਾਲ ਪੱਗ ਬੰਨਣੀਂ ਪਸੰਦ ਹੈ। ਸਟੇਜ ਤੋ ਬਿਨਾਂ ਆਮ ਜਿੰਦਗੀ ਵਿੱਚ ਮੈ ਏਦਾਂ ਹੀ ਪੱਗ ਬੰਨ ਕੇ ਰੱਖਦਾ ਹਾਂ। ਹੁਣ ਵਾਲਾ ਦੇ ਸਟਾਇਲ ਬਾਰੇ ਵੀ ਸੁਣ ਲਓ। ਸੰਨ ੨੦੦੩ ਵਿੱਚ ਮੈ ਜ਼ੀ. ਟੀਵੀ ਤੇ ਵਾਰਿਸ਼ ਸ਼ਾਹ ਬਾਰੇ ਇੱਕ ਡਾਕੂਮੈਂਟਰੀ ਪੇਸ਼ ਕੀਤੀ ਸੀ। ਜਦ ਵਾਰਿਸ਼ ਦੇ ਪਹਿਰਾਵੇ ਦੀ ਗੱਲ ਆਈ ਤਾਂ ਸਮਝ ਨਾਂ ਆਵੇ ਕੇ ਪੱਗ ਬੰਨੀ ਜਾਵੇ ਜਾਂ ਲੰਮੇਂ ਵਾਲ ਖੁੱਲੇ ਛੱਡ ਕੇ ਸੂਟਿੰਗ ਕੀਤੀ ਜਾਵੇ। ਉਸ ਸਮੇਂ ਮੈ ਆਪਣੇ ਸਿਰ ਤੇ ਬੰਨੀਂ ਚਿੱਟੇ ਰੰਗ ਦੀ ਪੱਗ ਲਾਹ ਕੇ ਉਸਦਾ ਪਰਦਾ ਬਣਾ ਲਿਆ ਤੇ ਬਲੈਕ ਰੰਗ ਦੇ ਪਰਦੇ ਨੂੰ ਵਾਲ ਖੁੱਲੇ ਛੱਡ ਕੇ ਸਿਰ ਤੇ ਲਪੇਟ ਲਿਆ। ਤੇ ਕੰਗ ਸਹਿਬ ਉਹ ਪਹਿਰਾਵਾ ਐਨਾਂ ਜਚਿਆਂ ਕੇ ਮੈ ਪੱਕੇ ਤੌਰ ਤੇ ਹੀ ਅਪਣਾਂ ਲਿਆ। ਤੇ ਸਟੇਜ ਤੇ ਵੀ ਉਹੀ ਪਹਿਰਾਵਾ ਪਾਉਂਦਾ ਹਾਂ 'ਤੇ ਸੁਰਮਾਂ ਪਾਉਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਹੈ ਤੇ ਸਟੇਜ ਤੋਂ ਬਿਨਾਂ ਵੀ ਮੈ ਅੱਖਾਂ ਵਿੱਚ ਸੁਰਮਾਂ ਪਾ ਕੇ ਰੱਖਦਾ ਹਾਂ।

ਸਵਾਲ-ਸਾਜ਼ ਵਜਾਉਣ ਦੀ ਤਾਲੀਮ ਕਿੱਥੋਂ ਲਈ ਅਤੇ ਕਿਹੜੇ ਸਾਜ ਵਜਾਉਣ ਵਿੱਚ ਮੁਹਾਰਤ ਹਾਸਲ ਹੈ?

ਕੰਗ ਸਹਿਬ ਮੈ ਤੁਹਾਨੂੰ ਇਕ ਬੜੀ ਮਜੇਦਾਰ ਗੱਲ ਦੱਸਦਾ ਹਾਂ। ਜਦ ਮੈ ਇੱਥੇ ਯੂਨੀਵਰਸਿਟੀ ਆਇਆ ਸੀ ਤਾਂ ਸ਼ੁਰੂ ਵਿੱਚ ਮੈ ਭੰਗੜਾ ਪਾਉਂਦਾ ਹੁੰਦਾ ਸੀ। ਮੈਂ ਗਰੁੱਪ ਬਣਾ ਕੇ ਭੰਗੜੇ ਦੀਆਂ ਟੀਮਾਂ ਨੂੰ ਕੋਚਿੰਗ ਵੀ ਦਿੰਦਾ ਰਿਹਾ ਹਾਂ। ਮੈਨੂੰ ਖੁੱਲਾ ਭੰਗੜਾ ਪਾਉਣਾਂ ਪਸੰਦ ਹੈ। ਝੂੰਮਰ ਨਾਚ ਮੈਨੂੰ ਪਸੰਦ ਨਹੀਂ ਕਿਉਂਕਿ ਧੀਮੀ ਤਾਲ ਦੇ ਇਸ ਨਾਚ ਵਿੱਚ ਹੋਲੀ ਹੌਲੀ ਬੰਦਸ਼ 'ਚ ਰਹਿ ਕੇ ਨੱਚਣਾਂ ਪੈਂਦਾ ਹੈ। ਮੈ ਇੱਕ ਗੀਤ ਵੀ ਲਿਖਿਆ ਸੀ ਕਿ 'ਅੱਜ ਨੱਚੀਏ ਨਾਚ ਅਨੋਖਾ ਬਈ, ਆ ਤਾਲ ਨੂੰ ਦੇਈਏ ਧੋਖਾ ਬਈ, ਆ ਵੇਖ ਢੋਲਕੀ ਵੱਜਦੀ ਏ'। ਇਸੇ ਲਈ ਹੀ ਮੈਨੂੰ ਸਾਜ਼ਾਂ ਵਿੱਚੋਂ ਢੋਲ ਸਾਜ਼ ਬਹੁਤ ਪਸੰਦ ਹੈ। ਮੈ ਆਪਣਾਂ ਢੋਲ ਖਰੀਦੀਆ ਹੋਇਆ ਹੈ ਤੇ ਵਜਾਉਂਦਾ ਹਾਂ। ਇਸ ਤੋਂ ਇਲਾਵਾ ਹਾਰਮੋਨੀਅਮ, ਤਬਲਾ ਆਦਿ ਤੋਂ ਇਲਾਵਾ ਹੋਰ ਵੀ ਕਈ ਸਾਜ਼ ਵਜਾ ਲੈਂਦਾ ਹਾਂ।

ਸਵਾਲ-ਸਤਿੰਦਰ ਤੁਸੀਂ ਬੈਠ ਕੇ ਗਾਉਂਦੇ ਹੋ, ਕੀ ਕਦੇ ਪ੍ਰੋਫੈਸ਼ਨਲ ਸਿੰਗਰ ਦੀ ਤਰਾਂ ਖੜ੍ਹ ਕੇ ਗਾਉਣ ਦਾ ਖਿਆਲ ਨਹੀਂ ਆਇਆ?

ਤੁਸੀਂ ਮੈਨੂੰ ਗਾਉਂਦੇ ਨੂੰ ਸੁਣਿਆਂ ਦੇਖਿਆ ਹੈ। ਮੇਰੀਅ ਸ਼ਾਇਰੀ ਦੇ ਵਿੱਚ ਤੁਹਾਨੂੰ ਸੂਫੀ ਗਾਇਕੀ ਦੀ ਰੰਗਤ ਦੇਖਣ ਸੁਣਨ ਨੂੰ ਮਿਲੇਗੀ। ਜਦ ਮੈ ਗਾਉਣਾਂ ਸ਼ੁਰੂ ਕੀਤਾ ਸੀ ਤਾਂ ਉਦੋਂ ਮੈ ਇੱਕ ਦੋ ਸਾਲ ਅਕਸਰ ਸਟੇਜ ਤੇ ਖੜ੍ਹ ਕੇ ਹੀ ਗਾਉਦਾ ਹੁੰਦਾ ਸੀ। ਪਰ ਮੈ ਸਮਝਦਾ ਹਾਂ ਕਿ ਸੂਫ਼ੀ ਕਲਾਮ ਬੈਠ ਕੇ ਵਧੇਰੇ ਸ਼ਿੱਦਤ ਨਾਲ ਗਾਇਆ ਜਾ ਸਕਦਾ ਹੈ ਸੋ ਪਿਛਲੇ ਪੰਜ ਕੁ ਸਾਲਾਂ ਤੋਂ ਮੈ ਬੈਠ ਕੇ ਹੀ ਗਾਉਣਾ ਸ਼ੁਰੂ ਕੀਤਾ ਹੈ।

ਸਵਾਲ-ਸਤਿੰਦਰ ਜੀ ਆਪਣੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸੋ?

ਮੈ ਜੀ ਮੁੱਢ ਤੋਂ ਹੀ ਇਸ ਖੇਤਰ ਚ' ਹਾਂ ਤੇ ਲਗਭਗ ਹਰ ਯੂਥ ਫੈਸਟੀਵਲ ਵਿੱਚ ਪਹਿਲੀ ਪੋਜੀਸ਼ਨ ਹੀ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਸੰਨ ੨੦੦੩ ਵਿੱਚ ਡੁਬਈ ਵਿਖੇ ਇੰਟਰਨੈਸ਼ਨਲ ਕਲਚਰਲ ਫੈਸਟੀਵਲ ਵਿੱਚ ੩੨ ਦੇਸ਼ਾਂ ਦੇ ਮੁਕਾਬਲਿਆਂ ਵਿੱਚ ਬੈਸਟ ਸੂਫੀ ਸਿੰਗਰ ਚੁਣਿਆਂ ਜਾਣਾਂ ਬਹੁਤ ਵੱਡੀ ਪਾ੍ਰਪਤੀ ਸੀ। ਆਲ ਇੰਡੀਆਂ ਵੋਕਲ ਕੰਪੀਟੀਸ਼ਨ ਵਿੱਚ ਵੀ ਬੈਸਟ ਸਿੰਗਰ ਦਾ ਖਿਤਾਬ ਮਿਲਿਆ। ਇਸ ਤੋਂ ਇਲਾਵਾ ਲਗਭਗ ਸਾਰੇ ਭਾਰਤ ਵਿੱਚ ਹੀ ਪ੍ਰਫਾਰਮ ਕੀਤਾ ਹੈ ਤੇ ਕਾਫੀ ਸਾਰੇ ਐਵਾਰਡ ਜਿੱਤੇ ਹਨ। 'ਯੂਥ ਆਈਕਨ' ਦੇ ਅਵਾਰਡ ਨਾਲ ਵੀ ਨਿਵਾਜਿਆ ਗਿਆ ਹੈ। ਹੁਣੇ ਪਿੱਛੇ ਜਿਹੇ ਪੋ੍ਰਫੈਸਰ ਮੋਹਨ ਸਿੰਘ ਮੇਲੇ ਤੇ 'ਸਫਾਕਤ ਅਲੀ ਨਜਾਕਤ ਅਲੀ' ਐਵਾਰਡ ਮਿਲਿਆ ਹੈ।

ਸਵਾਲ-ਸਰਤਾਜ ਜੀ ਗੀਤ ਕਿਵੇ ਲਿਖਦੇ ਹੋ, ਭਾਵ ਕੇ ਕੋਈ ਖਾਸ ਸਥਿਤੀ ਜਾਂ ਘਟਨਾਂ ਮਨ ਵਿੱਚ ਉਪਜੀ ਹੁੰਦੀ ਹੈ?

ਕੰਗ ਸਹਿਬ ਮੈਂ ਹਰ ਵੇਲੇ ਕੁੱਝ ਨਾਂ ਕੁੱਝ ਲਿਖਦਾ ਰਹਿੰਦਾ ਹਾਂ। ਜਦ ਨਹੀ ਲਿਖ ਰਿਹਾ ਹੁੰਦਾ ਤਾਂ ਵਿਭਿੰਨ ਤਰਾਂ੍ਹ ਦਾ ਸਹਿਤ ਪੜ੍ਹਦਾ ਰਹਿੰਦਾ ਹਾਂ। ਲਿਖਣ ਲਈ ਪੜ੍ਹਨਾਂ ਵੀ ਪੈਦਾ ਹੈ ਤਾਂ ਕਿ ਨਵੇ ਖਿਆਲ, ਨਵੀਂ ਸ਼ਬਦਾਬਲੀ ਵਰਤੀ ਜਾ ਸਕੇ। ਬਾਕੀ ਇਹ ਰੱਬੀ ਦੇਣ ਹੈ ਜੀ। ਮੈ ਕਦੇ ਕਦੇ ਅੱਧੀ  ਰਾਤ ਨੂੰ ਵੀ ਉੱਠ ਕੇ ਲਿਖ ਰਿਹਾ ਹੁੰਦਾ ਹਾਂ। ਜਿਵੇਂ ਮੈ ਪਹਿਲਾਂ ਦੱਸਿਆ ਕਿ ਮੈ ਪੀ.ਐਚ.ਡੀ. ਕਰਦੇ ਸਮੇ ਲਾਇਬਰੇਰੀ ਵਿੱਚ ਬਾਰਾਂ ਬਾਰਾਂ ਘੰਟੇ ਸਹਿਤ ਪੜਦਾ ਰਿਹਾ ਹਾਂ। ਸੋ ਇਹ ਸੂਝ ਸ਼ਾਇਦ ਇਸੇ ਦੀ ਹੀ ਦੇਣ ਹੈ। ਬਾਕੀ ਤੁਸੀ 'ਇੱਕ ਨਿੱਕੀ ਜਿਹੀ ਕੁੜੀ' ਵਾਲਾ ਗੀਤ  ਸੁਣਿਆਂ ਹੈ। ਉਹ ਘਟਨਾਂ ਸੱਚਮੁੱਚ ਮੇਰੇ ਨਾਲ ਵਾਪਰੀ ਹੋਈ ਹੈ। ਮੈ ਜੋ ਦੇਖਿਆ, ਲਿਖ ਦਿੱਤਾ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸੱਚਾਈ ਨੂੰ ਲੋਕਾਂ ਸਾਹਮਣੇਂ ਪੇਸ਼ ਕੀਤਾ ਜਾਵੇ।

ਸਵਾਲ-ਤੁਹਾਡੇ ਕਈ ਗੀਤਾਂ ਦੀ ਸ਼ਬਦਾਵਲੀ ਤੇ ਥੀਮ ਬਹੁਤ ਗੁੰਝਲਦਾਰ ਹੁੰਦੀ ਹੈ ਜਿਵੇਂ 'ਮਨ ਕੁਨ-ਤੋ ਮੌਲਾ'ਜਾ ਕੈਨੇਡਾ ਵਿੱਚ ਗਾਏ ਮਿਰਜੇ ਦਾ ਥੀਮ। ਅਜਿਹਾ ਕਿਉਂ?

ਬੜ੍ਹਾ ਅਜੀਬ ਇਤਫਾਕ ਹੈ ਕੰਗ ਸਹਿਬ। ਕੁੱਝ ਦਿਨ ਹੋਏ ਇੱਕ ਜਰਨਲਿਸਟ ਨੇ ਇਹ ਕਿਹਾ ਸੀ ਕਿ ਸਰਤਾਜ ਦੇ ਗੀਤ ਬਹੁਤ ਸਿੰਪਲ ਹੁੰਦੇ ਹਨ। ਸੋ ਮਿਰਜ਼ੇ ਦਾ ਥੀਮ ਕੁੱਝ ਨਹੀਂ ਬੱਸ ਐਵੇ ਹੀ ਸਾਧਾਰਨ ਜਿਹਾ ਖਿਆਲ ਹੈ ਤੇ ਕੁੱਝ ਸੱਚੀਆਂ ਗੱਲਾਂ ਦਾ ਬਿਆਨ ਹੈ। ਮਨ ਕੁਨ-ਤੋ ਮੌਲਾ ਸ਼ਬਦ ਇਰਾਨੀ ਭਾਸ਼ਾ ਦੇ ਹਨ ਜਿਸ ਨੂੰ ਰੱਬ ਦੀ ਉਸਤਤ ਜਾਂ ਬੰਦਗੀ ਵਿੱਚ ਗਾਇਆ ਜਾਂਦਾ ਹੈ। ਮੈ ਪਹਿਲਾਂ ਸ਼ੁਰੂ ਕਰਨ ਵੇਲੇ ਇਹ ਗਾਉਂਦਾ ਹੁੰਦਾ ਸੀ ਪਰ ਹੁਣ ਹਰ ਮਹਿਫਲ 'ਸਾਈਂ' ਤੋਂ ਹੀ ਸ਼ੁਰੂ ਕਰਦਾ ਹਾਂ।

ਸਵਾਲ-ਸਤਿੰਦਰ ਜੀ ਤੁਹਾਡੇ ਗੀਤਾਂ ਵਿੱਚ ਕੁਦਰਤ ਦਾ ਜਿਆਦਾ ਵਰਣਨ ਹੁੰਦਾ ਹੈ ਜਿਵੇਂ ਮੋਤੀਆਂ ਚਮੇਲੀ ਵਾਲਾ ਗੀਤ ਜਾਂ ਫਿਰ ਪੰਜਾਬੀਅਤ ਦਾ। ਅਜਿਹਾ ਕਿਉਂ?

ਦੇਖੋ ਜੀ ਮੈਂ ਕਿਸਾਨੀ ਪਰਿਵਾਰ ਨਾਲ ਸੰਬੰਧਤ ਹਾਂ ਤੇ ਮੇਰੇ ਜ਼ਿਹਨ ਵਿੱਚ ਅੱਜ ਵੀ ਉਸੇ ਮਿੱਟੀ, ਖੇਤਾਂ, ਫੁੱਲਾਂ, ਫਸਲਾਂ ਦੀ ਮਹਿਕ ਵਾਸ ਕਰਦੀ ਹੈ। ਮੈਂਨੂੰ ਕੁਦਰਤ ਨਾਲ ਲਗਾਵ ਹੈ 'ਤੇ ਸ਼ਾਇਦ ਇਸੇ ਕਰਕੇ ਹੀ ਆਪ ਮੁਹਾਰੇ ਹੀ ਗੀਤਾਂ ਦੇ ਵਿੱਚ ਜਿਕਰ ਹੋ ਜਾਂਦਾ ਹੈ। ਮੈਨੂੰ ੪੭ ਤੋ ਪਹਿਲਾਂ ਦੇ ਪੰਜਾਬ ਦਾ ਸਮਾਂ ਬਹੁਤ ਚੰਗਾ ਲੱਗਦਾ ਹੈ। ਮੇਰੇ ਦਿਲ 'ਚ ਕਿਤੇ ਇਹ ਗੱਲ ਜਰੂਰ ਸਮੋਈ ਹੋਈ ਹੈ ਕਿ ਮੇਰਾ ਜਨਮ ਵੀ ੪੭ ਤੋਂ ਪਹਿਲਾਂ ਦਾ ਹੋਣਾਂ ਸੀ। ਮੈ ਆਪਣੇ ਘਰ ਲਗਾਉਣ ਲਈ ਪੁਰਾਣੇ ਪੰਜਾਬ ਦਾ ਨਕਸ਼ਾ ਲੱਭ ਰਿਹਾ ਹਾਂ।

ਸਵਾਲ-ਤੁਸੀਂ ਆਪਣੇ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਕਈ ਸੂਫ਼ੀ ਸ਼ਾਇਰਾਂ ਦੇ ਕਲਾਮ ਪੇਸ਼ ਕਰਦੇ ਹੋ ਜਿਵੇ ਬਾਬੂ ਰਜਬ ਅਲੀ ਦਾ ਛੱਤੀ ਕਲਾ ਜਾਂ ਬਹੱਤਰ ਕਲਾ ਛੰਦ?

(ਮੇਰੀ ਗੱਲ ਟੋਕਦੇ ਹੋਏ)ਕੰਗ ਸਹਿਬ ਬਾਬੂ ਰਜਬ ਅਲੀ ਦੀ ਸ਼ਾਇਰੀ ਪੜ੍ਹ ਪੜ੍ਹ ਕੇ ਤਾਂ ਮੈ ੭੨ ਕਲਾ ਛੰਦ ਲਿਖਣੇ ਸਿੱਖੇ ਹਨ। ਮੇਰਾ ਗੀਤ 'ਜੇ ਕੋਈ ਦੱਸੇ ਗੱਲ ਤਜੁਰਬੇ ਵਾਲੀ' ਤਾਂ ਸਾਰਾ ਹੀ ਬਾਬੂ ਰਜਬ ਅਲੀ ਦੀ ਸ਼ਾਇਰੀ ਤੋਂ ਪ੍ਰਵਾਭਿਤ ਹੈ। ਮੈ ਅਜਿਹੇ ਸ਼ਾਇਰਾਂ ਨੂੰ ਗਾਉਣਾਂ ਆਪਣਾਂ ਮਾਣ ਸਮਝਦਾ ਹਾਂ। ਮੈ ਵਿਸ਼ੇਸ਼ ਤੌਰ ਤੇ ਬਾਬੂ ਜੀ ਦੇ ਮੋਗੇ ਜਿਲੇ ਵਿੱਚ ਪਿੰਡ ਸਾਹੋਕੇ ਜਾ ਕੇ ਉਹਨਾਂ ਦੀ ਸਮਾਧ ਤੇ ਮੱਥਾ ਟੇਕ ਕੇ ਆਇਆਂ ਹਾਂ ਤੇ ਉੱਥੇ ਹੀ ਇੱਕ ਗੀਤ ਵੀ ਲਿਖਿਆ ਸੀ ਕਿ 'ਚੱਲ ਸਤਿੰਦਰਾ ਸਿਜਦਾ ਕਰੀਏ ਜਾ ਕੇ ਸ਼ਾਇਰ ਦੇ ਪਿੰਡ ਸਾਹੋ, ਕਈ ਮਿਤਰਾਂ ਨੇਂ ਨਾਂਹ ਕਰ ਦਿੱਤੀ, ਕਈਆਂ ਕਿਹਾ ਆਹੋ"।

ਸਵਾਲ- 'ਪਾਣੀ ਪੰਜਾਂ ਦਰਿਆਵਾਂ ਵਾਲਾ' ਗੀਤ ਜਿਸ ਵਿੱਚ ਸਮਾਜਕ ਗਿਰਾਵਟ ਦਾ ਜਿਕਰ ਆਉਂਦਾ ਹੈ, ਬਹੁਤ ਮਕਬੂਲ ਹੋਇਆ ਹੈ, ਇਸਦੀ ਰਚਨਾਂ ਕਿਵੇ ਕੀਤੀ?

(ਮੇਰਾ ਇਹ ਸਵਾਲ ਸੁਣ ਕੇ ਸਤਿੰਦਰ ਹੱਸਣ ਲੱਗਾ) ਕੰਗ ਸਹਿਬ ਮੈ ਹਰ ਦਿਨ ਤਿਉਹਾਰ ਤੇ ਆਪਣੇ ਯਾਰਾਂ ਦੋਸਤਾਂ ਨੂੰ ਮੋਬਾਈਲ ਤੇ ਵਧਾਈ ਵਜੋਂ ਮੈਸੇਜ ਭੇਜਦਾ ਰਹਿੰਦਾ ਹਾਂ, ਇਹ ਵੀ ਮੇਰਾ ਇੱਕ ਸ਼ੌਂਕ ਹੈ। ਕੀ ਹੋਇਆ ਕਿ ਇੱਕ ਵਾਰ ਵਿਸਾਖੀ 'ਤੇ ਕਿਸੇ ਵਜ੍ਹਾ ਕਾਰਨ ਮੈ ਕਿਸੇ ਨੂੰ ਵੀ ਕੋਈ ਮੈਸੇਜ ਨਾਂ ਕੀਤਾ ਤਾਂ ਵਿਸਾਖੀ ਵਾਲੇ ਦਿਨ ਤੋਂ ਹਫਤਾ ਕੁ ਬਾਦ ਮਿਤਰਾਂ ਦੋਸਤਾਂ ਨੇ ਇਸ ਗੱਲ ਦਾ ਗਿਲਾ ਕੀਤਾ ਕਿ ਸਤਿੰਦਰ ਹੁਣ ਚੰਡੀਗੜੀਆ ਹੋ ਗਿਆ ਹੈ ਇਸ ਨੂੰ ਇਸ ਨੂੰ ਹੁਣ ਇਹ ਗੱਲਾਂ ਕਿੱਥੇ ਯਾਦ ਨੇਂ, ਤਾਂ ਮੈਨੂੰ ਵੀ ਮਹਿਸੂਸ ਹੋਇਆ ਕਿ ਹਾਂ ਯਾਰ ਗੱਲ ਤਾਂ ਕਾਫੀ ਠੀਕ ਹੈ, ਵਿਸਾਖੀ ਤਾਂ ਹੀ ਯਾਦ ਰਹਿੰਦੀ ਜੇ ਪਿੰਡ 'ਚ ਕਣਕਾਂ ਨੂੰ ਰੰਗ ਵਟਾਉਂਦੇ ਦੇਖਦਾ। ਉਸੇ ਵੇਲੇ ਮੈਨੂੰ ਇਹ ਗੀਤ ਆਉੜਿਆ ਜਿਹੜਾ ਕਿ ਮੇਰੇ ਆਪਣੇ ਆਪ 'ਤੇ ਵਿਅੰਗ ਸੀ। ਪਰ ਇਹ ਗੀਤ ਵਿੱਚ ਬਾਦ ਵਿੱਚ ਮੈਂ ਕਾਫੀ ਕੁੱਝ ਐਡ ਕੀਤਾ।

ਸਵਾਲ-ਤੁਸੀਂ ਆਪਣੇ ਗੀਤਾਂ ਦੀਆਂ ਕੰਪੋਜੀਸ਼ਨ ਆਪ ਬਣਾਉਂਦੇ ਹੋ, ਇਕ ਗੱਲ ਦੱਸੋ ਕਿ ਪਹਿਲਾਂ ਗੀਤ ਲਿਖਦੇ ਹੋ ਜਾਂ ਗੀਤ ਲਿਖ ਕੇ ਕੰਪੋਜੀਸ਼ਨ ਬਣਾਉਦੇ ਹੋ।

ਗੀਤ ਲਿਖਣਾਂ ਤੇ ਕੰਪੋਜੀਸ਼ਨ ਬਣਾਉਣਾਂ, ਇਹ ਦੋਨੋਂ ਕੰਮ ਇਕੱਠੇ ਹੀ ਹੁੰਦੇ ਹਨ। ਪਰ ਕਈ ਗੀਤ ਹਨ ਜਿੰਨਾਂ ਨੂੰ ਲਿਖਿਆ ਪਹਿਲਾਂ ਗਿਆ ਹੈ ਤੇ ਤਰਜ ਬਾਦ 'ਚ ਬਣਾਈ। ਜਿਵੇਂ ਗੀਤ 'ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਚਾਰ ਹੀ ਤਰੀਕਿਆਂ ਨਾਂ ਬੰਦਾ ਕਰੇ ਕੰਮ ਸਦਾ ਸੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ'। ਇਹ ਇੱਕ ਸਾਧਾਰਨ ਖਿਆਲ ਸੀ ਜੋ ਬਾਦ ਵਿੱਚ ਮਕਬੂਲ ਗੀਤ ਬਣਿਆਂ।

ਸਵਾਲ-ਪਰਦੇਸਾਂ ਦੀ ਜਿੰਦਗੀ ਤੇ ਵੀ ਕੁੱਝ ਲਿਖਿਆ ਹੈ। ਆਸਟ੍ਰੇਲੀਆ ਸਾਡੇ ਲਈ ਕੀ ਨਵਾਂ ਲੈ ਕੇ ਆ ਰਹੇ ਹੋ?

ਮੈ ਜਦ ਕੈਨੇਡਾ ਜਾਣਾਂ ਸੀ ਤਾਂ ਆਵੇਸ਼ ਵਿੱਚ ਆ ਕੇ ਮੈ ਜਾਣ ਤੋਂ ਇੱਕ ਦਿਨ ਪਹਿਲਾਂ ਮੈ ਗੀਤ ਲਿਖਿਆ ਸੀ ਕਿ
'ਜਦ ਤੁਰਿਆਂ ਰਾਹ ਵਿੱਚ ਖੜੀਆਂ ਸੀ, ਅੱਖਾਂ ਵਿੱਚ ਸੱਧਰਾਂ ਬੜੀਆਂ ਸੀ,
ਪਾਣੀਂ ਦੀਆਂ ਗੜਵੀਆਂ ਫੜੀਆਂ ਸੀ, ਮੈ ਓਸ ਪੰਜਾਬੋਂ ਆਇਆਂ ਹਾਂ,
ਸੁੱਖ ਸਾਂਦ ਸੁਨੇਹਾਂ ਲਿਆਇਆਂ ਹਾਂ
ਇੱਕ ਦਿਆਂ ਸੁਨੇਹਾਂ ਪੁੱਤਾਂ ਨੂੰ, ਰੂਹਾਂ ਤੋਂ ਵਿਛੜਿਆਂ ਬੁੱਤਾਂ ਨੂੰ,
'ਤੇ ਰੁੱਸ ਕੇ ਆਈਆਂ ਰੁੱਤਾਂ ਨੂੰ, ਮੈਂ ਓਸ ਪੰਜਾਬੋਂ ਆਂਇਆਂ ਹਾਂ,
ਕਿਉਂ ਯਾਰ ਮੁਹੱਬਤ ਭੁੱਲੀ ਏ, ਕਿਸੇ ਅੱਲੜ ਦੀ ਅੱਖ ਡੁੱਲੀ ਏ,
ਉਹ ਖਿੜਕੀ ਅੱਜ ਵੀ ਖੁੱਲੀ ਏ, ਮੈ ਓਸ ਪੰਜਾਬੋਂ ਆਇਆਂ ਹਾਂ,
ਸੁੱਖ ਸਾਂਦ ਸੁਨੇਹਾਂ ਲਿਆਇਆਂ ਹਾਂ"
ਸੋ ਹੋਰ ਵੀ ਲਿਖਿਆ ਹੈ(ਸਤਿੰਦਰ ਨੇ ਪਰਦੇਸਾਂ ਬਾਰੇ ਇੱਕ ਬਹੁਤ ਹੀ ਖੂਬਸੂਰਤ ਰਚਨਾਂ ਸੁਣਾਈ 'ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਕੰਗ ਸਹਿਬ ਪਲੀਜ ਤੁਹਾਨੂੰ ਸੁਣਾ ਦਿੱਤੀ ਪਰ ਅਜੇ ਇਸ ਨੂੰ ਛਾਪਿਓ ਨਾਂ, ਮੈਂ ਖੁਦ ਆ ਕੇ ਤੁਹਾਨੂੰ ਸੁਣਾਵਾਂਗਾ' ਤੇ ਨਾਲ ਹੀ ਸਤਿੰਦਰ ਮੁਸਕਰਾ ਪਿਆ)


ਸਵਾਲ-ਇਕਬਾਲ ਮਾਹਲ ਜੀ ਦੇ ਸੰਪਰਕ ਵਿੱਚ ਕਿਵੇ ਆਏ  'ਤੇ ਆਪਣੇ ਕੈਨੇਡਾ ਸ਼ੋਅਜ ਬਾਰੇ ਕੁੱਝ ਦੱਸੋ ਕਿ ਕਿਸ ਤਰਾਂ ਦਾ ਤਜਰਬਾ ਰਿਹਾ ਤੁਹਾਡਾ?

ਮਾਹਲ
ਸਾਹਿਬ ਨਾਲ ਮੇਰੀ ਸਾਂਝ ਕਾਫੀ ਪੁਰਾਣੀ ਹੈ।ਸਭ ਨੂੰ ਪਤਾ ਹੈ ਕਿ ਉਹ ਬਹੁਤ ਵੱਡੇ ਪ੍ਰਮੋਟਰ ਰਹੇ ਹਨ।ਪਰ ਕਾਫੀ ਸਮੇਂ ਤੋਂ ਇਹ ਕੰਮ ਛੱਡ ਚੁੱਕੇ ਸਨ।ਪਰ ਮੈਨੂੰ ਕੈਨੇਡਾ 'ਚ ਪ੍ਰਮੋਟ ਕਰਨ ਲਈ ਪਹਿਲਾਂ ਉਹ ਸਮਝਦੇ ਸਨ ਕਿ ਇਹ ਇੱਕ ਵੱਡਾ ਰਿਸਕ ਹੈ ਪਰ ਕੈਨੇਡਾ ਸ਼ੋਅਜ ਦੇ ਜੋ ਨਤੀਜੇ ਸਾਹਮਣੇਂ ਆਏ ਤਾਂ ਇੱਕ ਵਾਰ ਫਿਰ ਤੋਂ ਉਹਨਾਂ ਦਾ ਹੌਸਲਾ ਵਧ ਗਿਆ ਹੈ। ਮੈ ਉਹਨਾਂ ਦਾ ਸਦਾ ਰਿਣੀ ਰਹਾਂਗਾ ਕਿਉਂਕਿ ਉਹਨਾਂ ਨੇਂ ਜਿਸ ਤਰਾਂ ਦੀ ਮੁਹੱਬਤ ਬਖਸ਼ੀ ਹੈ ਸਇਦ ਇਸੇ ਦਾ ਹੀ ਨਤੀਜਾ ਹੈ ਕਿ ਅੱਜ ਬਹੁਤ ਸਾਰੇ ਸਰੋਤੇ ਸੂਫੀ ਗਾਇਕੀ ਨੂੰ ਮੁਹੱਬਤ ਬਖਸ ਰਹੇ ਹਨ। ਕੈਨੇਡਾ ਸ਼ੋਅ ਦੀ ਇੱਕ ਗੱਲ ਮੇਰੇ ਜਿਹਨ ਵਿੱਚ ਬੜੀ ਡੂੰਘੀ ਉੱਤਰੀ ਹੋਈ ਹੈ ਉਹ ਇਹ ਕਿ ਇੱਕ ਔਰਤ ਨੇ ਮਾਹਲ ਜੀ ਤੇ ਮੈਂਨੂੰ ਅਨੇਕਾਂ ਫੋਨ ਕੀਤੇ ਕਿ ਉਸਦਾ ਦੋ ਕੁ ਸਾਲ ਦਾ ਬੇਟਾ ਸਤਿੰਦਰ ਨੂੰ ਮਿਲਣਾਂ ਚਾਹੁੰਦਾ ਹੈ, ਪਰ ਬਿਜੀ ਸ਼ਡਿਊਲ ਕਾਰਨ ਮੈ ਮਿਲ ਨਹੀਂ ਪਾ ਰਿਹਾ ਸੀ। ਖੈਰ ਇੱਕ ਦਿਨ ਜਦ ਸਿਰਫ ਪੰਦਰਾ ਮਿੰਟ ਲਈ ਮੈ ਉਸਨੂੰ ਮਿਲਿਆ ਤਾਂ ਉਸ ਪੰਜਾਬੀ ਔਰਤ ਦੇ ਗੋਦੀ ਚੁੱਕਿਆ ਹੋਇਆ ਉਹ ਬੱਚਾ ਲਪਕ ਕੇ ਮੇਰੀ ਗੋਦੀ ਆਣ ਚੜ੍ਹਿਆ ਤੇ ਮੇਰੇ ਮੂੰਹ 'ਤੇ ਆਪਣਾਂ ਹੱਥ ਫੇਰ ਕਿ ਬੜੀ ਹੀ ਮਾਸੂਮੀਅਤ ਨਾਲ ਸਾਈਂ ਸਾਈਂ ਕਹਿਣ ਲੱਗਾ 'ਤੇ ਬਾਰ ਬਾਰ ਮੇਰੀ ਪੱਗ, ਮੇਰੇ ਮੂੰਹ ਨੂੰ ਸਹਲਾ ਰਿਹਾ ਸੀ। ਇਹ ਸਭ ਦੇਖ ਕੇ ਉਥੇ ਖੜੇ ਸਭ ਲੋਕ ਮੁਸਕਰਾ ਰਹੇ ਸੀ ਪਰ ਮੇਰੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ। ਇਹ ਘਟਨਾਂ ਸ਼ਇਦ ਮੈਂਨੂੰ ਕਦੇ ਨਾਂ ਭੁੱਲੇ।

ਸਵਾਲ-ਸਤਿੰਦਰ ਜੀ ਲਿਖਣ ਗਾਉਣ ਤੋਂ ਇਲਾਵਾ ਹੋਰ ਕੀ ਕੀ ਸ਼ੌਕ ਨੇਂ ਤੁਹਾਡੇ?

(ਮੁਸਕਰਾ ਕੇ) ਕੰਗ ਸਹਿਬ ਮੈ ਵੀ ਤੁਹਾਡੇ ਸਾਰਿਆਂ ਵਰਗਾ ਇੱਕ ਸਾਧਾਰਨ ਜਿਹਾ ਇਨਸਾਨ ਹਾਂ। ਮੈਂ ਚਾਹ ਪੀਣ ਦਾ ਬਹੁਤ ਆਦੀ ਹਾਂ। ਸਟੇਜ ਤੇ ਸੋਅਜ ਦੌਰਾਨ ਚਾਹ ਦੀਆਂ ਚੁਸਕੀਆਂ ਭਰਦਾ ਰਹਿੰਦਾ ਹਾਂ। ਹਿੰਦੀ ਰੁਮਾਂਟਿਕ ਫਿਲਮਾਂ ਮੈ ਬਹੁਤ ਦੇਖਦਾ ਹਾਂ। ਮੋਬਾਈਲ ਤੇ ਮੈਸੇਜ ਭੇਜਣਾਂ ਮੇਰਾ ਸ਼ੌਕ ਹੈ 'ਤੇ ਅੱਖਾਂ ਵਿੱਚ ਸੁਰਮਾਂ ਪਾ ਕੇ ਰੱਖਣਾਂ ਵੀ ਮੇਰੇ ਸ਼ੌਕ 'ਚ ਸ਼ਾਮਲ ਹੈ। ਮੈਨੂੰ ਬਜੁਰਗਾਂ ਕੋਲੋ ਸੰਨ ਸੰਤਾਲੀ ਵੇਲੇ ਦੀਆਂ ਗੱਲਾਂ ਸੁਣਨਾਂ ਬਹੁਤ ਚੰਗਾ ਲਗਦਾ ਹੈ। ਬੱਸ ਇਹੀ ਸ਼ੌਕ ਨੇ ਜੀ ਮੇਰੇ।

ਸਵਾਲ-ਸਤਿੰਦਰ ਜੀ ਅੰਤ ਵਿੱਚ ਹੁਣ ਇਹ ਵੀ ਦੱਸ ਦਿਓ ਕਿ ਤੁਹਾਡੀ ਸ਼ਾਦੀ ਹੋ ਗਈ ਹੈ ਜਾਂ ਅਜੇ ਨਹੀ?

ਨਹੀਂ ਜੀ ਕੰਗ ਸਾਹਿਬ, ਫਿਲਹਾਲ ਹਵਾਵਾਂ ਰੁਮਕਦੀਆਂ,ਜਦ ਝੱਖੜ ਝੁੱਲੂ ਦੇਖਾਂਗੇ। (ਤੇ ਇਸ ਗੱਲ 'ਤੇ ਮੈਂ ਤੇ ਸਤਿੰਦਰ ਖੂਬ ਹੱਸੇ)

__________________________________________________________________________________

ਸਤਿੰਦਰ ਸਰਤਾਜ ਨੇ ਸੈਕਰਾਮੈਂਟੋ ` ਖੂਬ ਮਹਿਫਲ ਸਜਾਈਜਿੱਤ ਦੇ ਨਿਸ਼ਾਨ ਲਾਏ ਜਾਂਦੇ ਝੰਡੇ ਨਾਲ ਦੇ ਗਾਇਕ ਨੇ ਲੋਕਾਂ ਦਾ ਕੀਤਾ ਭਰਵਾਂ ਮਨੋਰੰਜਨ
ਸੈਕਰਾਮੈਂਟੋਸੂਫ਼ੀ ਗਾਇਕ ਨਾਲ ਜਾਣੇ ਜਾਂਦੇ ਤੇ ਪੰਜਾਬੀ ਗਾਇਕੀ ਵਿਚ ਨਵੀਂ ਪਿਰਤ ਪਾਉਣ ਵਾਲੇ ਗਾਇਕ ਸਤਿੰਦਰ ਸਰਤਾਜ ਦੀ ਗਾਇਕੀ ਦਾ ਜਾਦੂ ਸੈਕਰਾਮੈਂਟੋਵਿਚ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ। ਇਸ ਪ੍ਰੋਗਰਾਮ ਦਾ ਆਯੋਜਨ ਕਰਿਸਟ ਥੀਏਟਰ ਵਿਚ ਕੀਤਾ ਗਿਆਕਰੀਬ ਅੱਠ ਵਜੇ ਸ਼ੁਰੂ ਹੋਏ ਪ੍ਰੋਗਰਾਮ ਦੌਰਾਨ ਪਹਿਲਾਂ ਤਾਂਲੋਕਾਂ ਦੀ ਹਾਜ਼ਰੀ ਘੱਟ ਹੀ ਰਹੀ ਪਰ ਬਾਅਦ ਵਿਚ ਹਾਲ ਕਰੀਬ ਭਰਿਆ ਨਜ਼ਰੀਂ ਆਇਆ। ਸਤਿੰਦਰ ਸਰਤਾਜਾ ਦੇ ਮੁੱਖ ਪ੍ਰਮੋਟਰ ਕੈਨੇਡਾ ਤੋਂ ਇਕਬਾਲ ਮਾਹਲ ਨੇ ਸਤਿੰਦਰ ਨੂੰ ਪੇਸ਼ ਕੀਤਾ ਅਤੇ ਵੱਖ ਵੱਖ ਸਹਿਯੋਗੀ ਸੱਜਣਾਂ ਅਤੇ ਪ੍ਰਮੋਟਰਾਂ ਦੇ ਰੂਬਰੂ ਕਰਵਾਇਆ ਸਤਿੰਦਰ ਸਰਤਾਜ ਦੇ ਸੈਕਰਾਮੈਂਟੋ ਵਿਚਲੇ ਪ੍ਰਮੋਟਰ ਜੈ ਸਿੰਘ ਅਤੇ ਡਾ.ਹਰਮੇਸ਼ ਕੁਮਾਰ ਵੀ ਲੋਕਾਂ ਦੇ ਸਨਮੁੱਖ ਹੋਏਸੂਫ਼ੀ ਗਾਇਕ ਕਹੇ ਜਾਂਦੇ ਸਤਿੰਦਰ ਸਰਤਾਜ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਲੋਕਾਂ ਦਾ ਭਾਰੀ ਮਨੋਰੰਜਨ ਕੀਤਾ। ਉਨ੍ਹਾਂ ਦਾ ਵਾਰਿਸ ਬਾਰੇ ਗੀਤ ਵਾਰਿਸ ਨੂੰ ਪੰਜਾਬੀ ਨਾਲ ਪਿਆਰ ਸੀ`, ਦਿਲ ਹਾਲ ਹਵਾਵਾਂ ਰੁਸਦੀਆਂਮੁੰਡਾ ਪਿੰਡ ਦਾ ਨੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆਜਿੱਤ ਦੇ ਨਿਸ਼ਾਨ ਲਾਏ ਜਾਂਦੇ ਝੰਡੇ ਨਾਲਅੱਧੀ ਕਿੱਕ `ਤੇ ਸਟਾਰਟ ਮੇਰਾ ਯਾਮਾ ਜੀ ਹੋਰ ਤੂੰ ਕੀ ਭਾਲਦਾਤੇ ਫੇਰ ਆਖ਼ ਦਈਂ ਕੰਜਰ ਦੇ ਨੂੰ ਭਾਜੀਜੇ ਹਟਿਆ ਨਾ ਗੇੜੀ ਮਾਰਨੋਂ, ਆਦਿ ਗੀਤ ਗਾ ਕੇ ਬਿਨਾਂ ਸ਼ੱਕ ਸਰਤਾਜ ਨੇ ਪੰਜਾਬੀ ਗਾਇਕੀ ਨੂੰ ਨਵੇਂ ਦਿਸਹੱਦੇ ਦਿੱਤੇ
ਉੱਘੇ ਵਕੀਲ ਅਤੇ ਫਿਲਮਸਾਜ਼ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਅਤੇ ਵੇਰਕਾ ਪ੍ਰੋਡਕਟਸ ਵਾਲੇ ਕੁਲਵਿੰਦਰ ਸਿੰਘ ਢਿਲੋਂ ਅਤੇ ਭੂਪਿੰਦਰ ਸਿੰਘ ਦੇ ਭਰਵੇਂ ਸਹਿਯੋਗ ਨਾਲ ਕਰਵਾਏ ਇਸ ਸਭਿਆਚਾਰਕ ਸ਼ੋਅ ਨੂੰ ਸਪਾਂਸਰ ਕਰਨ ਵਾਲਿਆਂ ਵਿੱਚ ਅੰਬਰ ਟਰੱਕਿੰਗ  ਦੇ ਜਤਿੰਦਰ ਸਿੰਘ (ਜਿੰੰਮੀ) ਕਾਲੇਕਾ, ਧਰਮਿੰਦਰ ਰੰਧਾਵਾ ਅਤੇ ਉੱਘੇ ਪ੍ਰਮੋਟਰ ਜਸਵਿੰਦਰ ਜੈਸੀ ਬੰਗਾ ਮੋਹਰੀਆਂ `ਚੋਂ ਸਨ
ਇਸ ਪ੍ਰੋਗਰਾਮ ਦੇ ਸੁਚੱਜੇ ਪ੍ਰਬੰਧਾਂ ਦਾ ਸਿਹਰਾ ਪੰਜਾਬੀ ਭਾਈਚਾਰੇ ਦੀ ਜਾਣੀ ਪਛਾਣੀ ਹਸਤੀ ਪੀਟਰ ਦੁਸਾਂਝ ਅਤੇ ਜੌਨੀ ਬੱਗਾ ਪੈਲੇਸ ਵਾਲੇ ਨੂੰ ਜਾਂਦਾ ਹੈ ਜਿਨ੍ਹਾਂ ਦਿਨ ਰਾਤ ਇੱਕ ਕਰਕੇ ਇਸਨੂੰ ਯਾਦਗਾਰੀ ਸ਼ਾਮ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ
ਦਰਸ਼ਕਾਂ ਨੂੰ ਮਨਭਾਉਂਦਾ ਖਾਣਾ ਖਵਾਉਣ ਲਈ ਬਾਂਬੇ ਬਾਰ ਐਂਡ ਗਰਿੱਲ ਵਾਲਿਆਂ ਨੇ ਭਾਂਤ ਭਾਂਤ ਦੇ ਅਤਿ ਸਵਾਦੀ ਪਕਵਾਨ ਭਰਵੀਂਮਾਤਰਾ ਵਿੱਚ ਮੁਹੱਈਆ ਕੀਤੇ
ਵਰ੍ਹਿਆਂ ਬਾਅਦ ਇੱਥੇ ਹੋਏ ਅਪਣੀ ਕਿਸਮ ਦੇ ਇਸ ਵਿਲੱਖਣ ਪ੍ਰੋਗਰਾਮ ਦਾ ਆਨੰਦ ਮਾਨਣ ਵਾਲੇ ਦਰਸ਼ਕ ਕਹਿੰਦੇ ਸੁਣੇ ਗਏਸ਼ੁਕਰ ਹੈ ਕਿ ਸਤਿੰਦਰ ਸਰਤਾਜ ਨੇ ਪੰਜਾਬੀ ਗਾਇਕੀ ਨੂੰ ਨਵਾਂ ਮੋੜ ਦਿੱਤਾ ਹੈ ਨਹੀਂ ਤਾਂ ਪੰਜਾਬੀ ਅਸ਼ਲੀਲ ਗਾਇਕੀ `ਤੇ ਵੀ ਸ਼ਰਾਬ ਅਤੇ ਇਕ ਜਾਤ ਦਾ ਹੀ ਕਬਜ਼ਾ ਸੀ
__________________________________________________________________________________
ਸਤਿੰਦਰ ਸਰਤਾਜ ਦਾ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਨਿੱਘਾ ਸਵਾਗਤ
ਸੈਕਰਾਮੈਂਟੋਕੈਲੀਫੋਰਨੀਆ ਦੇ ਅਸੈਂਬਲੀਮੈਨ ਜੋ ਕੋਟੋ ਦੇ ਵਿਸ਼ੇਸ਼ ਸੱਦੇ `ਤੇ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ ਦਾ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਜੋ ਕੋਟੋ ਨੇ ਸਤਿੰਦਰ ਸਰਤਾਜ ਦਾ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਅਸੈਂਬਲੀ ਆਉਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਦੁਆਰਾ ਗਾਇਕੀ ਦੇ ਖੇਤਰ ਵਿਚ ਦਿੱਤੀ ਦੇਣ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਸਟੇਟ ਸੈਨੇਟਰ ਇਲੇਨ ਐਲਕਐਸਟ ਨੇ ਵੀ ਸਤਿੰਦਰ ਸਰਤਾਜ ਦੀ ਪ੍ਰਸੰਸਾ ਕਰਦੇ ਹੋਏ ਦੱਸਿਆ ਕਿ ਉਸ ਨੇ ਪਹਿਲੀ ਵਾਰ ਕਿਸੇ ਸੁੂਫ਼ੀ ਗਾਇਕ ਨਾਲ ਮੁਲਾਕਾਤ ਕੀਤੀ ਹੈ। ਉਸ ਨੇ ਆਪਣੇ ਗਰੀਸ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਹੋਏ ਸਰਤਾਜ ਦੀਆਂ ਅਦਾਵਾਂ ਦੀ ਵੀ ਸ਼ਲਾਘਾ ਕੀਤੀ ਇਸੇ ਤਰ੍ਹਾਂ ਸਟੇਟ ਅਸੈਂਬਲੀਮੈਨ ਆਈਰਾ ਰਸਕਿਨ ਨੇ ਵੀ ਸਰਤਾਜ ਨੂੰ ਮਿਲ ਕੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਜਦੋਂ ਵੀ ਕੈਲੀਫੋਰਨੀਆ ਦੇ ਦੌਰੇ `ਤੇ ਆਉਣ ਤਾਂ ਉਹ ਸਾਡੇ ਮਹਿਮਾਨ ਬਣਕੇ ਅਸੈਂਬਲੀ ਜ਼ਰੂਰ ਆਇਆ ਕਰਨ। ਅਸੈਂਬਲੀਮੈਨ ਪਾਲ ਫੋਗ ਨੇ ਸਰਤਾਜ ਬਾਰੇ ਕਹਿੰਦੇ ਹੋਏ ਦੱਸਿਆ ਕਿ ਉਸ ਦੇ ਇਲਾਕੇ ਦੇ ਪੱਗ ਵਾਲੇ (ਸਿੱਖ) ਉਸ ਦੀ ਬਹੁਤ ਮਦਦ ਕਰਦੇ ਹਨ ਅਤੇ ਸਰਤਾਜ ਨੂੰ ਮਿਲ ਕੇ ਉਸ ਨੂੰ ਖੁਸ਼ੀ ਹੋਈ ਹੈ ਉਸ ਨੇ ਸਰਤਾਜ ਨੂੰ ਅਸੈਂਬਲੀ ਸੈਸ਼ਨ ਵਿਚ ਸ਼ਾਮਲ ਹੋਣ ਲਈ ਵੀ ਬੇਨਤੀ ਕੀਤੀ
ਜੋ ਕੋਟੋ ਨੇ ਸਰਤਾਜ ਬਾਰੇ ਬੋਲਦੇ ਹੋਏ ਕਿਹਾ ਕਿ ਉਹ ਪਹਿਲੀ ਵਾਰ ਕਿਸੇ ਪੀਐਚਡੀ ਗਾਇਕ ਨੂੰ ਮਿਲਿਆ ਹੈ ਅਤੇ ਸਰਤਾਜ ਨੂੰ ਫਾਰਸੀ ਦੀ ਭਾਸ਼ਾ ਦਾ ਗਿਆਨ ਹੋਣ `ਤੇ ਵੀ ਉਸ ਦੀ ਸ਼ਲਾਘਾ ਕੀਤੀ
ਡਾ. ਸਤਿੰਦਰ ਸਰਤਾਜ ਨੇ ਕੈਲੀਫੋਰਨੀਆ ਦੇ ਸਾਰੇ ਅਸੈਂਬਲੀ ਮੈਂਬਰਾਂ ਅਤੇ ਸਟੇਟ ਸੈਨੇਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰਤੁਹਾਡੇ ਵੱਲੋਂ ਇੰਨਾ ਮਾਣ ਦੇਣ `ਤੇ ਖੁਸ਼ੀ ਵੀ ਹੋ ਰਹੀ ਹੈ ਅਤੇ ਮੈਂ ਦਿਲੋਂ ਤੁਹਾਡਾ ਧੰਨਵਾਦੀ ਹਾਂ ਜੇ ਤੁਹਾਡੇ ਵਿਚੋਂ ਕਦੇ ਵੀ ਕੋਈ ਪੰਜਾਬ ਫੇਰੀ ਮਾਰੇ ਤਾਂ ਤੁਹਾਡੀ ਹੋਸਟਲਿਟੀ ਕਰਨਾ ਆਪਣਾ ਸੁਭਾਗ ਸਮਝਾਂਗਾ ਮੈਨੂੰ ਤੁਹਾਡੇ ਕੰਮ ਕਰਨ ਦੇ ਅਤੇ ਖੁੱਲ੍ਹੇ ਸੁਭਾਅ ਨੇ ਬਹੁਤਪ੍ਰਭਾਵਿਤ ਕੀਤਾ ਹੈ ਇਕ ਵਾਰ ਫੇਰ ਮੇਰੇ ਵੱਲੋਂ ਸਾਰੇ ਅਸੈਂਬਲੀ ਮੈਂਬਰਾਂ ਅਤੇ ਸੈਨੇਟਰਾਂ ਦਾ ਧੰਨਵਾਦਰੱਬ ਰਾਖਾ
ਸਤਿੰਦਰ ਸਰਤਾਜ ਨੇ ਕੈਲੀਫੋਰਨੀਆ ਅਸੈਂਬਲੀ ਵਿਚ ਉਨ੍ਹਾਂ ਨਾਲ ਗਏ ਸੈਨਹੋਜੇ ਦੇ ਬਾਬ ਗਿੱਲ ਅਤੇ ਬਲਬੀਰ ਸਿੰਘ ਢਿੱਲੋਂ ਦਾ ਵੀ ਧੰਨਵਾਦ ਕੀਤਾ , ਜਿਨ੍ਹਾਂ ਨੇ ਸਰਤਾਜ ਦਾ ਇਹ ਪ੍ਰੋਗਰਾਮ ਉਲੀਕਿਆ ਸੀ
Share |